Thursday, July 22, 2010

ਯਾਰ ਰੱਬ ਜਾਂ ਰੱਬ ਯਾਰ

ਰੱਬ ਯਾਰ ਜਾਂ ਯਾਰ ਰੱਬ
ਹੈ ਯਾਰਾਂ ਜਿਹਾ ਨਾ ਯਾਰੜਾ

ਕੋਈ ਠਹੁਰ ਨਾ ਕੋਈ ਟਿਕਾਣਾ
ਮੈਂ ਭਾਲਾਂ ਕਿੱਥੋਂ ਯਾਰੜਾ

ਸੁੱਕੇ ਅੰਬਰ ਧਰਤੀ ਪਾਟੀ
ਬਰਸੇ ਤਾਂ ਬੱਦਲ‌ ਯਾਰੜਾ

ਜਾਂਦਾ ਬਣ ਅੱਖਾਂ ਦਾ ਨੀਰ
ਕਦੇ ਦਿਲ‌ ਦੀ ਅੱਗ ਹੈ ਯਾਰੜਾ

ਸਾਵੀ ਧਰਤੀ ਅੰਬਰ ਨੀਲੇ
ਖਿੜ ਖਿੜ ਹੱਸੇ ਯਾਰੜਾ

ਰੰਗ ਗਿਆ ਮੇਰੀ ਕੋਰੀ ਚਾਦਰ
ਉਹ ਵੱਡਾ ਲਲਾਰੀ ਯਾਰੜਾ

ਤੱਕਣੀ ਵੱਟੇ ਦਿਲ‌ ਲੈ ਜਾਂਦਾ
ਉਹ ਵੱਡਾ ਵਪਾਰੀ ਯਾਰੜਾ

ਉਸਦੀ ਵਿਸਾਦ ਨਾ ਪਲਟੇ ਕੋਈ
ਉਹ ਵੱਡਾ ਖਿਡਾਰੀ ਯਾਰੜਾ

ਮੋਹ ਜਾਲ‌ ਵਿੱਚ ਮੈਨੂੰ ਮੋਹਿਆ
ਉਹ ਵੱਡਾ ਸਿ‍‌ਕਾਰੀ ਯਾਰੜਾ

ਫੜ ਫੜ ਡੋਰੀ ਨਾਚ ਨਚਾਵੇ
ਉਹ ਵੱਡਾ ਮਦਾਰੀ ਯਾਰੜਾ

ਪਲ ਪਲ ਤੇ ਮੈਨੂੰ ਭਰਮਾਉਂਦਾ
ਸੌ ਰੰਗ ਵਟਾਉਂਦਾ ਯਾਰੜਾ
 

ਮਿੱਟੀਓਂ ਉਪਜਾ ਕੇ ਫੁੱਲ ਕਰਦਾ
ਫਿਰ ਖਾਕ ਬਣਾਉਂਦਾ ਯਾਰੜਾ

 

ਜਦ ਸੋਚਾਂ ਉਹ ਦੂਰ ਏ ਮੈਥੋਂ
ਭੱਜ ਨੇੜੇ ਆਉਂਦਾ ਯਾਰੜਾ

 

ਪੰਡ ਬੜੀ ਕਰਮਾਂ ਦੀ ਭਾਰੀ
ਮਾਰ ਫੂਕ ਉਡਾਉਂਦਾ ਯਾਰੜਾ


'ਮਹਕ' ਮੇਰਾ ਤਨ ਮਨ ਧਨ ਓਹੀ
ਬੜੇ ਚੋਜ ਦਿਖਾਉਂਦਾ ਯਾਰੜਾ