Wednesday, March 31, 2010

ਫਿਰ ਦਸਤਕ ਤੇਰੀ ਯਾਦ ਨੇ

ਫਿਰ ਦਸਤਕ ਤੇਰੀ ਯਾਦ ਨੇ ਦਿੱਤੀ ਦਿਲ਼ ਦੇ ਬੂਹੇ
ਉਹ ਪਲ ਚੇਤੇ ਆਏ ਜਦ ਖਿੜੇ ਸੀ ਫੁੱਲ ਸੂਹੇ


ਬਚਪਨ ਵਿਹੜੇ ਨੱਚਦੇ ਸੀ ਜਦ ਘੁੰਮ ਘੁੰਮਾ ਕੇ
ਗ਼ਮ ਦੁਨੀਆਂ ਦੇ ਦੂਰ ਸਨ ਉਸ ਪਿੰਡ ਦੀ ਜੂਹੇ


ਫਿਰਦੇ ਸੀ ਕੱਖ ਫੂਸਾਂ ਵਿੱਚ ਮਾਰਦੇ ਦੁੜੰਗੇ
ਬਣੇ  ਹਾਂ ਅੱਜ ਛੂਈ ਮੂਈ ਸਾਨੂੰ ਕੋਈ ਨਾ ਛੂਹੇ

ਕਿਸਨੂੰ ਦਿਖਾਈਏ ਛੰਭ ਹੁਣ ਸੀਨੇ ਦੇ ਆਪਣੇ
ਬਾਹਰ ਤਾਂ ਪੈਂਦੇ ਕਾਂ ਨੇ ਤੇ ਖਾਂਦੇ ਅੰਦਰ ਚੂਹੇ

ਮੁੜ ਆਉਣ ਦੀ ਤੇਰੇ ਉਡੀਕ ਰਹੀ ਉਡੀਕ ਹੀ
ਬੰਜਰ ਹੋ ਗਏ ਅਸੀਂ ਸੁੱਕੇ ਨੈਣਾਂ ਦੇ ਖੂਹੇ


ਕਿਉਂ ਤੂੰ ਐਵੇਂ ਭਟਕਦੀ ਕੀ ਇਲਾਜ ਕਰਾਵਾਂ?
ਕਿਵੇਂ ਤੈਨੂੰ ਚੈਨ ਦਿਵਾਵਾਂ ਦੱਸ ਮੇਰੀਏ ਰੂਹੇ?

Monday, March 22, 2010

ਚੰਨ ਪਤਾਸਾ ਖੁਰਦਾ ਖੁਰਦਾ ਖੁਰ ਜਾਂਦਾ

ਚੰਨ ਪਤਾਸਾ ਖੁਰਦਾ ਖੁਰਦਾ ਖੁਰ ਜਾਂਦਾ
ਰੋਲ਼ਾ ਨਹੀਂ ਪਰ ਦਿਲ਼ ਤੋਂ ਬੋਲਿਆ ਧੁਰ ਜਾਂਦਾ

 
ਮਹਿਫ਼ਿਲ਼ਾਂ ਨੇ ਲੱਗਦੀਆਂ ਤੇ ਉੱਠਦੀਆਂ
ਸਮਾਂ ਪਏ ਹਰ ਆਪਣੇ ਰਾਹੇ ਤੁਰ ਜਾਂਦਾ

 

ਦਿਲ਼ ਮਹਿਲ ਪੱਥਰ ਦੇ ਜਾਂ ਹੋਵਣ ਕੱਚ ਦੇ
ਵਕਤ ਹਨ੍ਹੇਰੀ ਨਾਲ਼ ਸਭ ਕੁਝ ਭੁਰ ਜਾਂਦਾ

 

ਮਨ ਬੁੱਧੀ ਕਰਦੇ ਕਮਾਲ਼ ਬੰਦੇ ਵਿੱਚ
ਕਿਹੜੇ ਮੋੜ ਤੇ ਕਿਹੜਾ ਫ਼ੁਰਨਾ ਫੁਰ ਜਾਂਦਾ

 

ਪੈਸਾ ਅਤੇ ਹੰਕਾਰ ਹੋ ਜਾਣ ਜੇ 'ਕੱਠੇ
ਬੰਦਾ ਹੋ ਕੇ ਵੀ ਕਰੀ ਘੁਰ ਘੁਰ ਜਾਂਦਾ

 

ਜਦ ਕਿਧਰੇ ਵੀ ਕੋਈ ਵਾਹ ਨਹੀਂ ਚਲਦੀ
ਮਨ ਪਿਆ ਸੋਚੀਂ ਕਰੀ ਝੁਰ ਝੁਰ ਜਾਂਦਾ

 

ਸੰਭਲ ਦਿਲਾ ਤੂੰ ਅਟਕ ਨਾ ਜਾਵੀਂ ਕਿਧਰੇ
ਟੁੱਟ ਜਾਏ ਜੇ ਸਾਜ਼ ਤਾਂ ਨਾਲ਼ ਹੀ ਸੁਰ ਜਾਂਦਾ

 

ਭੁੱਲ ਜਾਂਦੇ ਖਿੜਦੇ ਗੁਲਾਬ  ਮਹਿਕਦੇ
ਰਹਿੰਦਾ ਯਾਦ ਸਦਾ ਜੋ ਕੰਡਾ ਪੁਰ ਜਾਂਦਾ

Friday, March 19, 2010

ਸੁੰਨਾ ਹੈ ਮੇਰੇ ਦਿਲ਼ ਦਾ ਵਿਹੜਾ

ਸੁੰਨਾ ਹੈ ਮੇਰੇ ਦਿਲ਼ ਦਾ ਵਿਹੜਾ
ਲੱਗਿਆ ਏਹਨੂੰ ਝੋਰਾ ਕਿਹੜਾ


ਖੇਡਾਂ ਖੇਡ ਕੇ ਰੱਜਦਾ ਨਹੀਓਂ
ਫੇਰ ਵੀ ਛੇੜੀ ਰੱਖਦਾ ਛੇੜਾ



ਰੋਵੇ ਆਪਣੇ ਗ਼ੈਰਾਂ ਤਾਈਂ
ਕੌਣ ਇਸਨੂੰ ਸਮਝਾਵੇ ਜਿਹੜਾ


ਝੋਈ ਬਹੁਤ ਗ਼ਮਾਂ ਦੀ ਚੱਕੀ
ਦਿੰਦਾ ਰਹਿੰਦਾ ਫੇਰ ਵੀ ਗੇੜਾ


ਹੰਝੂਆਂ ਦੇ ਹੈ ਵਹਿਣੀ ਵਹਿੰਦਾ
ਜਾਣ ਬੁੱਝ ਕੇ ਡੋਬੇ ਬੇੜਾ


ਲੱਖ ਚੌਰਾਸੀ ਭਾਵੇਂ ਵੇਲ਼ੀ
ਫੇਰ ਵੀ ਲਾਈ ਰੱਖਦਾ ਪੇੜਾ 


ਲੱਗਜੇ ਅੱਖ ਇਸ ਝੱਲੇ ਦਿਲ ਦੀ
ਤਾਂ ਫੇਰ ਮੁਕਜੇ ਉਮਰਾਂ ਝੇੜਾ

Saturday, March 13, 2010

ਨਿਗ੍ਹਾ ਰੱਬ ਦੀ ਸਦਾ ਸਵੱਲੀ ਚਾਹੀਦੀ

ਨਿਗ੍ਹਾ ਰੱਬ ਦੀ ਸਦਾ ਸਵੱਲੀ ਚਾਹੀਦੀ
ਨੱਚਦੀ ਝੂਮਦੀ ਹਰ ਬੱਲੀ ਚਾਹੀਦੀ
 

ਹਨੇਰੇ ਚਾਣਨੇ ਆਉਂਦੇ ਜਾਂਦੇ ਚੰਗੇ
ਰੋਹ ਦੀ ਨਦੀ ਪਰ ਠੱਲੀ ਚਾਹੀਦੀ


ਕੰਮ ਨਾ ਆਵਣ ਸਦਾ ਸਿਆਣਪਾਂ
ਜਿੰਦ ਮਸਤੀ ਵਿੱਚ ਹੋਣੀ ਝੱਲੀ ਚਾਹੀਦੀ


ਸ਼ਹਿਰੀ ਸੱਭਿਅਤਾ ਬੋਝਲ ਲਗਦੀ ਏ
ਕਦੇ ਕਰਨ
ੀ ਗੱਲ ਕਲੱਲੀ ਚਾਹੀਦੀ

ਰੱਬ ਬੋਲ਼ਾ ਮੰਦਿਰਾਂ ਮਸਜਿਦਾਂ ਵਿੱਚ
ਮਨ ਦੀ ਖੜਕਾਉਣੀ ਟੱਲੀ ਚਾਹੀਦੀ


ਤੇਰੀਆਂ ਮੇਰੀਆਂ ਨਹੀਂ ਚਲਦੀਆਂ
ਹੁਣ ਸਾਡੀ ਜੁਗਤ ਅਵੱਲੀ ਚਾਹੀਦੀ


ਸ਼ੋਰ ਸ਼ਰਾਬਾ ਵੱਢ-ਵੱਢ ਖਾਂਦਾ ਏ
ਕੋਈ ਹੋਣੀ ਥਾਂ ਇਕੱਲੀ ਚਾਹੀਦੀ