Monday, March 22, 2010

ਚੰਨ ਪਤਾਸਾ ਖੁਰਦਾ ਖੁਰਦਾ ਖੁਰ ਜਾਂਦਾ

ਚੰਨ ਪਤਾਸਾ ਖੁਰਦਾ ਖੁਰਦਾ ਖੁਰ ਜਾਂਦਾ
ਰੋਲ਼ਾ ਨਹੀਂ ਪਰ ਦਿਲ਼ ਤੋਂ ਬੋਲਿਆ ਧੁਰ ਜਾਂਦਾ

 
ਮਹਿਫ਼ਿਲ਼ਾਂ ਨੇ ਲੱਗਦੀਆਂ ਤੇ ਉੱਠਦੀਆਂ
ਸਮਾਂ ਪਏ ਹਰ ਆਪਣੇ ਰਾਹੇ ਤੁਰ ਜਾਂਦਾ

 

ਦਿਲ਼ ਮਹਿਲ ਪੱਥਰ ਦੇ ਜਾਂ ਹੋਵਣ ਕੱਚ ਦੇ
ਵਕਤ ਹਨ੍ਹੇਰੀ ਨਾਲ਼ ਸਭ ਕੁਝ ਭੁਰ ਜਾਂਦਾ

 

ਮਨ ਬੁੱਧੀ ਕਰਦੇ ਕਮਾਲ਼ ਬੰਦੇ ਵਿੱਚ
ਕਿਹੜੇ ਮੋੜ ਤੇ ਕਿਹੜਾ ਫ਼ੁਰਨਾ ਫੁਰ ਜਾਂਦਾ

 

ਪੈਸਾ ਅਤੇ ਹੰਕਾਰ ਹੋ ਜਾਣ ਜੇ 'ਕੱਠੇ
ਬੰਦਾ ਹੋ ਕੇ ਵੀ ਕਰੀ ਘੁਰ ਘੁਰ ਜਾਂਦਾ

 

ਜਦ ਕਿਧਰੇ ਵੀ ਕੋਈ ਵਾਹ ਨਹੀਂ ਚਲਦੀ
ਮਨ ਪਿਆ ਸੋਚੀਂ ਕਰੀ ਝੁਰ ਝੁਰ ਜਾਂਦਾ

 

ਸੰਭਲ ਦਿਲਾ ਤੂੰ ਅਟਕ ਨਾ ਜਾਵੀਂ ਕਿਧਰੇ
ਟੁੱਟ ਜਾਏ ਜੇ ਸਾਜ਼ ਤਾਂ ਨਾਲ਼ ਹੀ ਸੁਰ ਜਾਂਦਾ

 

ਭੁੱਲ ਜਾਂਦੇ ਖਿੜਦੇ ਗੁਲਾਬ  ਮਹਿਕਦੇ
ਰਹਿੰਦਾ ਯਾਦ ਸਦਾ ਜੋ ਕੰਡਾ ਪੁਰ ਜਾਂਦਾ

1 comment:

  1. ਮਨਜੀਤ ਜੀ,
    ਬਿਲਕੁਲ ਠੀਕ ਕਿਹਾ....
    ਪੈਸਾ ਅਤੇ ਹੰਕਾਰ ਹੋ ਜਾਣ ਜੇ 'ਕੱਠੇ
    ਬੰਦਾ ਹੋ ਕੇ ਵੀ ਕਰੀ ਘੁਰ ਘੁਰ ਜਾਂਦਾ
    ਪੈਸਾ ਤੇ ਹੰਕਾਰ ਬੰਦੇ ਦੀ ਮਨੋਬਰਿਤੀ ਬਦਲ ਕੇ ਰੱਖ ਦਿੰਦੇ ਨੇ। ਨਿਮਰਤਾ ਕਿਸ ਬਲਾ ਦਾ ਨਾਓਂ ਹੈ ਓਹ ਭੁੱਲ ਹੀ ਜਾਂਦਾ ਹੈ।
    ਹਰਦੀਪ

    ReplyDelete