Tuesday, January 11, 2011

ਚੁੱਪ

ਖ‍ੌਰੇ ਕਿਓਂ ਸਵੇਰਾ ਚੁੱਪ
ਰਾਤ ਪਈ ਤਾਂ ਨ੍ਹੇਰਾ ਚੁੱਪ


ਮਨ ਦੀ ਲੁਤਰੋ ਫੜੀ ਨਾ ਜਾਵੇ
ਕਹਿੰਦੇ ਰਹੇ ਬਥੇਰਾ ਚੁੱਪ


ਇਹ ਜ਼ਮਾਨਾ ਕਿਥੋਂ ਆਇਆ
ਅਜਗਰ ਵਰਗਾ ਜੇਰਾ ਚੁੱਪ


ਹੁੰਦਾ ਕਤਲ‍ ਦੇਖ ਨਾ ਬੋਲੇ
ਕਾਹਤੋਂ ਚਾਰ ਚੁਫੇਰਾ ਚੁੱਪ


ਸ‍ਰੇਆਮ ਗਰੀਬ ਦੀ ਲੁੱਟ
ਤੇ ਅਕਲਾਂ ਦਾ ਘੇਰਾ ਚੁੱਪ


ਕਾਹਦਾ ਪੁੱਤ ਪ੍ਦੇਸ ਗਿਆ
ਸੁੰਨਾ ਪਿਆ ਬਨੇਰਾ ਚੁੱਪ


ਬੋਲ‍ਿਆਂ ਦੀ ਨਗਰੀ ਦੇ ਵਿੱਚ
ਬੋਲਣ ਨਾਲੋਂ ਚੰਗੇਰਾ ਚੁੱਪ


ਸੱਟ ਮੇਰੀ ਤੇ ਧੜਕੇ ਨਾ
ਕਿਓਂ ਅੱਜ ਦਿਲ ਤੇਰਾ ਚੁੱਪ


ਸ‍ਾਇਦ ਪੱਥਰ ਹੋ ਗਿਆ
ਹੁਣ ਤਾਂ ਹੰਝੂ ਮੇਰਾ ਚੁੱਪ




Tuesday, August 17, 2010

ਪੌਣਾਂ ਹੱਥ ਸੁਨੇਹੇ ਘੱਲੇ

ਪੌਣਾਂ ਹੱਥ ਸੁਨੇਹੇ ਘੱਲੇ , ਪਰਤੀ ਖਾਲੀ ਪੌਣ ਹੈ
ਜਿਸਦਾ ਨਾ ਕੋਈ ਥਹੁ ਪਤਾ , ਪੁਛਦੀ
ਕਿ
ਓਹ ਕੌਣ ਹੈ

ਨਾ ਕੋਈ ਇਥੇ ਪਾਣੀ ਭਰਦਾ , ਨਾ ਕੋਈ ਆਏ ਪਿਆਸਾ
ਜਿੰਦ ਤਾਂ ਜਿਵੇਂ ਪਿਆਸੇ ਖੂਹ ਦੀ , ਉਜੜੀ ਹੋਈ ਮੌਣ ਹੈ


ਸੜਕ ਕਿਨਾਰੇ ਬੇਸੁੱਧ ਸੁੱਤੇ , ਲੈ ਚਾਦਰ ਤਾਰਿਆਂ ਵਾਲੀ
ਸ਼ਾਹੀ ਬਿਸਤਰ ਵਿੱਚ ਕਰਵਟਾਂ , ਇਹ ਵੀ ਕੋਈ ਸੌਣ ਹੈ


ਜੋੜੇ ਚਾਰ ਯੁਗਾਂ ਦੇ ਪਾਵੇ , ਉਮਰਾਂ ਬਾਹੀਆਂ ਪਾਈਆਂ
ਸਾਹ ਸੇਰੁ , ਮੋਹਾਂ ਦੀ ਮੁੰਜ 'ਤੇ ਨਫਰਤਾਂ ਦੀ ਦੌਣ ਹੈ


ਵੈਰ ਸਦਾ ਹੀ ਵੈਰ ਕਮਾਵੇ , ਤੂੰ ਆਕੜਾਂ ਨਾ ਕਰ
ਜੇ ਕਿਧਰੇ ਸਿਰ ਝੁਕਦਾ ਤਾਂ , ਰਹਿੰਦੀ ਤਕੜੀ ਧੌਣ ਹੈ 

 

ਵਿਚ ਮੰਦਿਰੀ ਚੂਹੇ ਰਹਿੰਦੇ , ਖਾਂਦੇ ਘਟ ਕਰਨ ਬਰਬਾਦੀ
ਓਥੇ ਜਾ ਕੇ ਚੋਗ ਖਿਲਾਰੋ , ਜਿਥੇ ਭੁਖਿਆਂ  ਦਾ ਭੌਣ ਹੈ 

 

ਮਹਕ ਕਿਸੇ ਦੀ ਹੋਈ ਨਾ ਤੇ ਨਾ ਕਿਸੇ ਦੀ ਹੋਣੀ  
ਕਿਣਕੇ ਕਿਣਕੇ  ਵਿਚ ਸਮਾਵੇ , ਪਿਆਰ ਇਸਦਾ ਮੌਨ ਹੈ

Thursday, August 12, 2010

ਕੋਰੇ ਦਿਲ ਦੇ ਵਰਕੇ ਤੇ

ਕੋਰੇ ਦਿਲ ਦੇ ਵਰਕੇ ਤੇ ਮੈਂ ਡੋਲੇ ਰੰਗ ਹਜ਼ਾਰਾਂ
ਇੱਕ ਦੀ ਵੀ ਨਾ ਖੁਸ਼ਬੂ ਆਈ ਲੰਘੀਆਂ ਕਈ ਬਹਾਰਾਂ


ਪਥਰਾਂ ਦੇ ਸੰਗ ਲਾਈ ਯਾਰੀ
ਪਥਰ ਬਣ ਕੇ ਬਹਿ ਗਏ
ਹੁਣ ਕਿਸਨੂੰ ਪਾਸ ਬੁਲਾਵਾਂ ਮੈਂ ਕਿਸਨੂੰ ਵਾਜਾਂ ਮਾਰਾਂ

ਤਿੱਤਲੀ ਦੇ ਗਏ ਰੰਗ ਉਦਾਸੇ ਫੁੱਲ ਵੀ ਨੇ ਮੁਰਝਾਏ

ਹਾਸੇ ਅਨਭੋਲ ਗੁਆਚੇ ਉੱਡ ਗਈਆਂ ਕੂੰਜਾਂ ਡਾਰਾਂ

ਬਲਦੇ ਨੇ
ਅਖਾਂ
ਦੇ ਕੋਏ ਮੇਰੇ ਸੀਨੇ ਵਿਚ ਅੱਗ ਲੱਗੀ
ਕਿਹੜੇ ਖੂਹ ਦੀਆਂ ਗੇੜਾਂ ਟਿੰਡਾਂ ਕਿੰਝ ਬਲਦੀ ਨੂੰ ਠਾਰਾਂ

ਰੁੱਸ ਕੇ ਬੇਠੇ
ਮਹਿਰਮ
ਨੂੰ ਹੁਣ ਕਿਵੇਂ ਮਨਾਵਾਂ ਜਾਕੇ
ਕਿਹੜੀ ਨਜ਼ਰ ਨਿਹਾਰਾਂ ਉਸਨੂੰ ਕਿਹੜਾ ਰੂਪ ਸ਼ਿੰਗਾਰਾਂ

Thursday, July 22, 2010

ਯਾਰ ਰੱਬ ਜਾਂ ਰੱਬ ਯਾਰ

ਰੱਬ ਯਾਰ ਜਾਂ ਯਾਰ ਰੱਬ
ਹੈ ਯਾਰਾਂ ਜਿਹਾ ਨਾ ਯਾਰੜਾ

ਕੋਈ ਠਹੁਰ ਨਾ ਕੋਈ ਟਿਕਾਣਾ
ਮੈਂ ਭਾਲਾਂ ਕਿੱਥੋਂ ਯਾਰੜਾ

ਸੁੱਕੇ ਅੰਬਰ ਧਰਤੀ ਪਾਟੀ
ਬਰਸੇ ਤਾਂ ਬੱਦਲ‌ ਯਾਰੜਾ

ਜਾਂਦਾ ਬਣ ਅੱਖਾਂ ਦਾ ਨੀਰ
ਕਦੇ ਦਿਲ‌ ਦੀ ਅੱਗ ਹੈ ਯਾਰੜਾ

ਸਾਵੀ ਧਰਤੀ ਅੰਬਰ ਨੀਲੇ
ਖਿੜ ਖਿੜ ਹੱਸੇ ਯਾਰੜਾ

ਰੰਗ ਗਿਆ ਮੇਰੀ ਕੋਰੀ ਚਾਦਰ
ਉਹ ਵੱਡਾ ਲਲਾਰੀ ਯਾਰੜਾ

ਤੱਕਣੀ ਵੱਟੇ ਦਿਲ‌ ਲੈ ਜਾਂਦਾ
ਉਹ ਵੱਡਾ ਵਪਾਰੀ ਯਾਰੜਾ

ਉਸਦੀ ਵਿਸਾਦ ਨਾ ਪਲਟੇ ਕੋਈ
ਉਹ ਵੱਡਾ ਖਿਡਾਰੀ ਯਾਰੜਾ

ਮੋਹ ਜਾਲ‌ ਵਿੱਚ ਮੈਨੂੰ ਮੋਹਿਆ
ਉਹ ਵੱਡਾ ਸਿ‍‌ਕਾਰੀ ਯਾਰੜਾ

ਫੜ ਫੜ ਡੋਰੀ ਨਾਚ ਨਚਾਵੇ
ਉਹ ਵੱਡਾ ਮਦਾਰੀ ਯਾਰੜਾ

ਪਲ ਪਲ ਤੇ ਮੈਨੂੰ ਭਰਮਾਉਂਦਾ
ਸੌ ਰੰਗ ਵਟਾਉਂਦਾ ਯਾਰੜਾ
 

ਮਿੱਟੀਓਂ ਉਪਜਾ ਕੇ ਫੁੱਲ ਕਰਦਾ
ਫਿਰ ਖਾਕ ਬਣਾਉਂਦਾ ਯਾਰੜਾ

 

ਜਦ ਸੋਚਾਂ ਉਹ ਦੂਰ ਏ ਮੈਥੋਂ
ਭੱਜ ਨੇੜੇ ਆਉਂਦਾ ਯਾਰੜਾ

 

ਪੰਡ ਬੜੀ ਕਰਮਾਂ ਦੀ ਭਾਰੀ
ਮਾਰ ਫੂਕ ਉਡਾਉਂਦਾ ਯਾਰੜਾ


'ਮਹਕ' ਮੇਰਾ ਤਨ ਮਨ ਧਨ ਓਹੀ
ਬੜੇ ਚੋਜ ਦਿਖਾਉਂਦਾ ਯਾਰੜਾ



Tuesday, May 25, 2010

ਮੇਰੀ ਸਰਹੱਦ

ਸਰਹੱਦ ਕੰਡਿਆਲੇ ਝਾੜ ਦੀ ਪੰਛੀ ਟੱਪ ਜਾਵੇ
ਤੇ ਕੰਡਿਆਲੀ ਤਾਰ ਦੀ ਕੁੱਤਾ ਬਿੱਲੀ ਲੰਘ ਜਾਵੇ
ਅਤੇ ਲੱਕੜੀਆਂ ਸੇ ਜਾਲ਼ ਦੀ ਕੋਈ ਪਸ਼ੂ ਤੋੜ ਜਾਵੇ
ਸਰਹੱਦ ਜੇ ਹੋਵੇ ਦਿਲ਼ਾਂ ਦੀ ਮੁਹੱਬਤ ਮਿਟਾ ਜਾਵੇ

ਹਵਾਵਾਂ ਲਈ ਨਾ ਸਰਹੱਦ ਏ ਪਰ ਏਨ੍ਹਾਂ ਦੀ ਹੱਦ ਏ
ਜਿਸਦੇ ਦਿਲ ਵਿੱਚ ਦਰਦ ਏ ਲੋਕਾਂ ਦਾ ਹਮਦਰਦ ਏ
ਕੋਈ ਰਿਹਾ ਉਡੀਕਦਾ ਤੇ ਕਿਸੇ ਨੇ ਲਾਈ ਸੱਦ ਏ
ਹਰ ਹਾਲਤ ਵਿੱਚ ਏਨ੍ਹਾਂ ਨੇ ਮਿਟਾ ਦਿੱਤੀ ਸਰਹੱਦ ਏ

ਇੱਕ ਸਰਹੱਦ ਏ ਡਾਢੀ ਚੁੱਪ ਦੀ ਤੇਰੇ ਤੇ ਮੇਰੇ ਵਿਚਲੀ
ਖ਼ੁਸ਼ੀ ਵੀ ਤੇਰੇ ਸੰਗ ਦੀ ਪਰ ਚੀਸ ਵੀ ਨਿਕਲੀ ਨਿਕਲੀ
ਨ੍ਹੇਰੇ ਚਾਨਣ ਦੇ ਰੂਪ ਵਿੱਚ ਮੇਰੇ ਉੱਤੋਂ ਦੀ  ਫਿਸਲੀ
ਅਛੋਪਲੀ ਜਿਹੀ ਸਰਹੱਦ ਮੈਂ ਵੀ ਬਣਉਣੀ ਸਿੱਖਲੀ

ਦੁਨੀਆਂ ਵਿੱਚ ਨੇ ਸਰਹੱਦਾਂ ਬਣਨੀਆਂ ਤੇ ਢਹਿਣੀਆਂ
ਇਹ ਵੀ ਪੱਕੀ ਗੱਲ ਹੈ ਕਿ ਇਹ ਸਦਾ ਨਾ ਰਹਿਣੀਆ
ਮੇਰੀ ਸਰਹੱਦ ਉਦੋਂ ਟੁੱਟੂ ਜਦ ਪੈੜਾਂ ਤੇਰੀਆਂ ਪੈਣੀਆਂ
'ਮਹਿਕ' ਲੱਗਦਾ ਸਰਹੱਦਾਂ ਹੋਰ ਕੁਝ ਚਿਰ ਸਹਿਣੀਆਂ

Thursday, April 29, 2010

ਚਿੱਤ ਕਰੇ ਨਾ ਖੋਲ੍ਹਾਂ ਅੱਖੀਆਂ

ਚਿੱਤ ਕਰੇ ਨਾ ਖੋਲ੍ਹਾਂ ਅੱਖੀਆਂ
ਭਾਵੇਂ ਵਾਜਾਂ ਮਾਰਨ ਸਖੀਆਂ

ਬਲ਼ਦੇ ਮਨ ਦੀ ਧੂਣੀ ਉੱਤੇ
ਝੱਲਾਂ ਮੈਂ ਰੋ ਰੋ ਕੇ ਪੱਖੀਆਂ

ਹਾਲੇ ਤਕ ਦੰਦਾਂ ਨੂੰ ਲੱਗੀਆਂ
ਦਾਖਾਂ ਇਸ਼ਕ ਦੀਆਂ ਜੋ ਚੱਖੀਆਂ

ਜਦੋਂ ਤੂੰ ਮੇਰੇ ਵਿਹੜੇ ਆਉਣਾ
ਦੂਰ ਹੋਣੀਆਂ ਨੇ ਤਲਖ਼ੀਆਂ

ਫ਼ਲ ਅੰਮਿ੍ਤ ਨਾ ਟੁੱਟੇ ਮੈਥੋਂ
ਟੱਪ ਟੱਪ ਕੇ ਚੜੀਆਂ ਵੱਖੀਆਂ

ਸੱਤ ਸਮੁੰਦਰ ਖਾਲ਼ੀ ਕੀਤੇ
ਬੁਝੀਆਂ ਨਾ ਪਰ ਅੱਗਾਂ ਭੱਖੀਆਂ

ਮਿੱਠਾ ਗੁੜ ਨਾ ਹੋਵੀਂ ਯਾਰਾ
ਭਿਣਕਦੀਆਂ ਨੇ ਫੇਰ ਮੱਖੀਆਂ

ਆਪਣੇ ਮਨ ਪ੍ਚਾਵੇ ਨੂੰ ਹੀ
ਯਾਦਾਂ ਤੇਰੀਆਂ ਦਿਲ ਵਿੱਚ ਰੱਖੀਆਂ

Wednesday, April 28, 2010

ਸੱਚਾਈ ਤੱਕ ਪਹੁੰਚਣ ਦਾ ਦਮ ਤਾਂ ਸਾਰੇ ਰੱਖਦੇ ਨੇ

ਸੱਚਾਈ ਤੱਕ ਪਹੁੰਚਣ ਦਾ ਦਮ ਤਾਂ ਸਾਰੇ ਰੱਖਦੇ ਨੇ
ਪਰ ਇਸਦੇ ਰਾਹਾਂ ਤੇ ਹੈ ਚਲ ਪਾਉਂਦਾ ਕੋਈ ਕੋਈ

ਭਾਵਾਂ ਤੇ ਅਹਿਸਾਸਾਂ ਨੂੰ ਵੀ ਸ਼ਬਦਕੋਸ਼ਾਂ ਦੀ ਕੈਦ ਹੈ
ਦਿਲ ਦੇ ਬੇਜ਼ੁਬਾਨੇ ਅੱਖਰ ਸਮਝਾਉਂਦਾ ਕੋਈ ਕੋਈ

ਦਿਲ ਦਾ ਗਹਿਣਾ ਮੁਹੱਬਤ ਜਿਸਮਾਂ ਦੀਆਂ ਬੇੜੀਆਂ
ਇਸ ਪੰਛੀ ਨੂੰ ਕੈਦ ਵਿੱਚੋਂ ਹੈ ਛੁਡਾਉਂਦਾ ਕੋਈ ਕੋਈ

ਰੂਹਾਂ ਦੀ ਅਗਨੀ ਪ੍ੀਖਿਆ ਵੀ ਇਸ ਜਗ ਤੇ ਹੁੰਦੀ
ਝੱਖੜਾਂ ਵਿੱਚ ਰੁਲ਼ ਕੇ ਵੀ ਪਾਰ ਲੰਘਾਉਂਦਾ ਕੋਈ ਕੋਈ

ਧਰਤੀ ਦੀ ਖੁਰਲੀ ਵਿੱਚ ਮੂੰਹ ਤਾਂ ਸਾਰੇ ਮਾਰਦੇ ਨੇ
ਹੱਡ ਚੰਮ ਗੋਹਾ ਦੇ ਹੈ ਉਪਜਾਉਂਦਾ ਕੋਈ ਕੋਈ

ਇਸ਼ਕ ਇਬਾਦਤ ਰੱਬ ਦੀ ਵਿਰਲਾ ਕੋਈ ਕਰਦਾ
ਸੂਲੀ ਤੇ ਚੜ੍ਹਦਾ ਸਿਰ ਤਲ਼ੀ ਟਿਕਾਉਂਦਾ ਕੋਈ ਕੋਈ

ਵਿੱਚ ਦੁਨੀਆਂ ਅਧੂਰਾਪਣ ਹੈ ਹਰ ਦਿਲ ਦੇ ਅੰਦਰ
ਬਣ ਜਾਂਦਾ ਕਿਸੇ ਦਾ ਕਿਸੇ ਅਪਣਾਉਂਦਾ ਕੋਈ ਕੋਈ

ਜਾਤ ਧਰਮ ਡੇਰੇ ਬਾਬੇ ਦਿਲ਼ ਛੋਟੇ ਹੋਈ ਜਾਂਦੇ ਨੇ
ਕੱਢ ਜਿਗਰਾ ਇਸ਼ਕੇ ਦੀ ਅਲਖ ਜਗਾਉਂਦਾ ਕੋਈ ਕੋਈ