Wednesday, February 24, 2010

ਪੱਥਰਾਂ ਦੇ ਇਸ ਸ਼ਹਿਰ ਵਿੱਚ

ਪੱਥਰਾਂ ਦੇ ਇਸ ਸ਼ਹਿਰ ਵਿੱਚ
ਫ਼ਰਿਆਦ ਮੇਰੀ ਕੌਣ ਸੁਣੂ
ਪ੍ੇਮ ਪਿਆਰ ਤੇ ਭਾਈਚਾਰਾ
ਸ਼ਹਿਰ ਦਾ ਸਾਥੀ ਕਿਵੇਂ ਬਣੂ


ਅੱਗ ਬਲ਼ਦੀ ਜਾਤਾਂ ਧਰਮਾਂ ਦੀ
ਨਫ਼ਰਤਾਂ ਦਾ ਪਹਿਰਾ ਹੈ
ਅੱਖਾਂ ਤੇ ਚਸ਼ਮਾਂ ਪੈਸੇ ਦਾ
ਦੌਲਤ ਦਾ ਰੰਗ ਸੁਨਿਹਰਾ ਹੈ
ਇਸ ਬੇਗ਼ਰਜ਼ੇ ਸ਼ਹਿਰ ਵਿੱਚ
ਮੇਰਾ ਹਮਸਫ਼ਰ ਕੌਣ ਬਣੂ


ਇਸ ਸ਼ਹਿਰ ਨੂੰ ਜਾਂਦੀ ਸੜਕ ਤੇ
ਕੋਈ ਠੰਡੜੀ ਛਾਂ ਨਹੀਂ
ਇਹਦੇ ਤੇ ਚਲਦੇ ਰਾਹੀ ਨੂੰ
ਇੱਕ ਪਲ਼ ਵੀ ਆਰਾਮ ਨਹੀਂ
ਇਸ ਪਿਆਸੇ ਸ਼ਹਿਰ ਵਿੱਚ
ਕਿਸੇ ਦੀ ਪਿਆਸ ਕੀ ਬੁਝੂ


ਇਸ ਹਨ੍ਹੇਰੇ ਸ਼ਹਿਰ ਵਿੱਚ
ਅੰਨ੍ਹੇ ਹੀ ਰਹਿ ਸਕਦੇ ਨੇ
ਜਿਹੜੇ ਨ੍ਹੇਰ ਨੂੰ ਛਾਣਦੇ
ਇਸ ਅੰਨ੍ਹੇ ਖੂਹ ਨੂੰ ਗੇੜਦੇ ਨੇ
ਕੋਈ ਰਿਸ਼ਮ ਚਾਨਣਿਆਂ ਦੀ
ਕਦੋਂ ਕਦੇ ਇੱਥੇ ਵੜੂ


ਪੱਥਰਾਂ ਦੇ ਇਸ ਸ਼ਹਿਰ ਵਿੱਚ
ਫ਼ਰਿਆਦ ਮੇਰੀ ਕੌਣ ਸੁਣੂ
ਪ੍ੇਮ ਪਿਆਰ ਤੇ ਭਾਈਚਾਰਾ
ਸ਼ਹਿਰ ਦਾ ਸਾਥੀ ਕਿਵੇਂ ਬਣੂ

Saturday, February 6, 2010

ਭਿਉਂ ਪੱਲਾ ਝਨਾਅ ਦਿਆਂ ਪਾਣੀਆਂ ਦੇ ਵਿੱਚ

ਭਿਉਂ ਪੱਲਾ ਝਨਾਅ ਦਿਆਂ ਪਾਣੀਆਂ ਦੇ ਵਿੱਚ
ਡੁੱਬ ਗਏ ਅਸੀਂ ਪਰੇਮ ਕਹਾਣੀਆਂ ਦੇ ਵਿੱਚ

ਭਾਵੇਂ ਸੀ ਸਭ ਸੰਗੀ ਸਾਨੂੰ ਲੱਭਦੇ ਰਹੇ
ਅਸੀਂ ਤਾਂ ਰਹੇ ਡੁੱਬੇ ਸਦਾ ਹਾਣੀਆਂ ਦੇ ਵਿੱਚ

ਰੰਗ ਕੁਦਰਤੀ ਨਾ ਦੇਖੇ ਅੱਖਾਂ ਖੋਲ ਕੇ
ਖੁੱਭੇ ਰਹੇ ਜਿੰਦਗੀ ਦੀਆਂ ਘਾਣੀਆਂ ਦੇ ਵਿੱਚ

ਪੱਥਰਾਈਆਂ ਸੋਚਾਂ ਨੇ ਅਹਿਸਾਸ ਫਾਹ ਲਏ
ਉਲਝਿਆ ਰਿਹਾ ਪੇਟਾ ਤਾਣੀਆਂ ਦੇ ਵਿੱਚ

ਰੱਬ ਜਾਣੇ ਇਹ ਕਿਹੜੀ ਹੈ ਬਦਕਿਸਮਤੀ
ਜ਼ਿੰਦ ਹੋਈ ਬੁੱਢੀ ਉਮਰਾਂ ਨਿਆਣੀਆਂ ਦੇ ਵਿੱਚ

ਗਿਲ਼ਾ ਨਹੀਂ ਸੀ ਜੇ ਪੱਤਝੜੀਂ ਝੜ ਜਾਂਦੇ
ਅਸੀਂ ਉੱਜੜੇ ਹਾਂ ਰੁੱਤਾਂ ਸੁਹਾਣੀਆਂ ਦੇ ਵਿੱਚ

ਕੱਚੀ ਤੰਦ ਪਿਆਰ ਦੀ ਸੰਭਲ ਹੱਥ ਪਾਵੀਂ
ਟੁੱਟੇ  ਨਾ ਅਸਾਂ ਦੀਆਂ ਖਿੱਚੋਤਾਣੀਆਂ ਦੇ ਵਿੱਚ

ਸੁੱਖ ਕਰਮਾਂ ਦੇ ਕਰਮ ਹੁੰਦੇ ਅਮਲਾਂ ਦੇ
ਕਿਉਂ ਭਾਲ਼ੇਂ ਇਹਨਾ ਨੂੰ ਮਸਾਣੀਆਂ ਦੇ ਵਿੱਚ