Saturday, February 6, 2010

ਭਿਉਂ ਪੱਲਾ ਝਨਾਅ ਦਿਆਂ ਪਾਣੀਆਂ ਦੇ ਵਿੱਚ

ਭਿਉਂ ਪੱਲਾ ਝਨਾਅ ਦਿਆਂ ਪਾਣੀਆਂ ਦੇ ਵਿੱਚ
ਡੁੱਬ ਗਏ ਅਸੀਂ ਪਰੇਮ ਕਹਾਣੀਆਂ ਦੇ ਵਿੱਚ

ਭਾਵੇਂ ਸੀ ਸਭ ਸੰਗੀ ਸਾਨੂੰ ਲੱਭਦੇ ਰਹੇ
ਅਸੀਂ ਤਾਂ ਰਹੇ ਡੁੱਬੇ ਸਦਾ ਹਾਣੀਆਂ ਦੇ ਵਿੱਚ

ਰੰਗ ਕੁਦਰਤੀ ਨਾ ਦੇਖੇ ਅੱਖਾਂ ਖੋਲ ਕੇ
ਖੁੱਭੇ ਰਹੇ ਜਿੰਦਗੀ ਦੀਆਂ ਘਾਣੀਆਂ ਦੇ ਵਿੱਚ

ਪੱਥਰਾਈਆਂ ਸੋਚਾਂ ਨੇ ਅਹਿਸਾਸ ਫਾਹ ਲਏ
ਉਲਝਿਆ ਰਿਹਾ ਪੇਟਾ ਤਾਣੀਆਂ ਦੇ ਵਿੱਚ

ਰੱਬ ਜਾਣੇ ਇਹ ਕਿਹੜੀ ਹੈ ਬਦਕਿਸਮਤੀ
ਜ਼ਿੰਦ ਹੋਈ ਬੁੱਢੀ ਉਮਰਾਂ ਨਿਆਣੀਆਂ ਦੇ ਵਿੱਚ

ਗਿਲ਼ਾ ਨਹੀਂ ਸੀ ਜੇ ਪੱਤਝੜੀਂ ਝੜ ਜਾਂਦੇ
ਅਸੀਂ ਉੱਜੜੇ ਹਾਂ ਰੁੱਤਾਂ ਸੁਹਾਣੀਆਂ ਦੇ ਵਿੱਚ

ਕੱਚੀ ਤੰਦ ਪਿਆਰ ਦੀ ਸੰਭਲ ਹੱਥ ਪਾਵੀਂ
ਟੁੱਟੇ  ਨਾ ਅਸਾਂ ਦੀਆਂ ਖਿੱਚੋਤਾਣੀਆਂ ਦੇ ਵਿੱਚ

ਸੁੱਖ ਕਰਮਾਂ ਦੇ ਕਰਮ ਹੁੰਦੇ ਅਮਲਾਂ ਦੇ
ਕਿਉਂ ਭਾਲ਼ੇਂ ਇਹਨਾ ਨੂੰ ਮਸਾਣੀਆਂ ਦੇ ਵਿੱਚ

No comments:

Post a Comment