Tuesday, December 29, 2009

ਵਾਵਰੋਲ਼ੇ ਆਉਂਦੇ ਨਿੱਤ ਉੱਠਦੇ ਤੂਫਾਨ ਬੜੇ

ਵਾਵਰੋਲ਼ੇ ਆਉਂਦੇ ਨਿੱਤ ਉੱਠਦੇ ਤੂਫਾਨ ਬੜੇ
ਸਮਾਂ ਗੁਜ਼ਰ ਗਿਆ ਅਸੀਂ ਰਹੇ ਓਥੇ ਹੀ ਖੜੇ


ਹਾਂ  ਭਾਵੇਂ ਨਾ ਲੱਗ ਪਾਇਆ ਕੋਈ ਸਿਰੇ
ਪੱਤ ਅਰਮਾਨਾਂ ਦੇ ਲੱਗ ਲੱਗ ਬਹੁਤ ਝੜੇ


ਕਿਉਂ ਅੱਖ ਨੀਵੀਂ ਕਰਕੇ ਲੰਘ ਗਏ ਸਓ
ਅੱਜ ਹਵਾ ਨੇ ਵੀ ਸਿਰ ਸਾਡੇ ਦੋਸ਼ ਮੜੇ


ਪਾਣੀਆਂ ਦੇ ਉੱਤੇ ਜਾ ਅੱਗ ਦੇ ਪੈਰ ਧਰੇ
ਕਹਿਰ ਕੇ ਡੁੱਬ ਪਾਣੀ ਵਿੱਚ ਅਸੀਂ ਸੜੇ


ਬੱਦਲ ਪਰਦੇਸੀ ਹੋਏ ਨੇ ਕਦੋਂ ਪਰਤਣਗੇ
ਕਿੰਨੇ ਸਾਵਣ ਲੰਘ ਗਏ ਗੁਜ਼ਰੇ ਕਈ ਵਰ੍ਹੇ


ਬਚਪਨ ਦੀ ਮਸੂਮੀਅਤ ਨਾ ਮਿਲੀ ਮੁੜਕੇ
ਪੜ੍ਹ ਪੜ੍ਹ ਕੇ ਬੌਖ਼ਲਾਏ ਤੇ ਪੂਜੇ ਕਈ ਥੜ੍ਹੇ

Monday, December 21, 2009

ਕਰ ਕਤਲ਼ ਜ਼ਮੀਰ ਨਿਮਾਣੀ ਦਾ

ਨਾ ਸਾਨੂੰ ਮਿਲਣ ਦਾ ਢੰਗ ਆਇਆ
ਨਾ ਤੇਰੇ ਚਿਹਰੇ 'ਤੇ ਰੰਗ ਆਇਆ


ਤੇਰੇ ਨਾਲ਼ ਹੀ ਖ਼ੁਸ਼ੀ ਸੀ ਮੇਰੀ
ਤੂੰ ਕਰਕੇ ਹਰ ਮੋਹ ਭੰਗ ਆਇਆ



ਮੇਰਾ ਪੋਟਾ ਪੋਟਾ ਕਰਜ਼ਾਈ ਤੇਰਾ
ਫਿਰ ਕਰਕੇ ਤੂੰ ਕਿਉਂ ਸੰਗ ਆਇਆ

ਮੇਰੇ ਲਹੂ ਦਾ ਜਾਮ ਬਣਾ ਕੇ ਪੀ
ਦਿਲ਼ ਬਾਝੋਂ ਇਹ ਕਰੰਗ ਆਇਆ

ਦੁਨੀਆਂ ਤਜ ਇਕਲਾਪਾ ਲੋਚਿਆ 
ਪਰ ਆਪਾ ਫੇਰ ਵੀ ਸੰਗ ਆਇਆ

ਹੁਣ ਰੋਣਿਆਂ ਤੋਂ ਜੀ ਅੱਕ ਗਿਆ
ਇੱਕ ਖ਼ੁਸ਼ੀ ਉਧਾਰੀ ਮੰਗ ਆਇਆ


ਮਨ ਆਸ਼ਿਕ ਦੁਨੀਆਂਦਾਰੀ ਦਾ
ਕਿ ਰੂਹ ਦੀ ਤੋੜ ਕੇ ਵੰਗ ਆਇਆ


ਕਰ ਕਤਲ਼ ਜ਼ਮੀਰ ਨਿਮਾਣੀ ਦਾ
ਇਹ ਹੋ ਕੇ ਕਿਵੇਂ ਨਿਸੰਗ ਆਇਆ

Thursday, December 17, 2009

ਤੇਰੇ ਮੁਬਾਰਕ ਹੱਥਾਂ ਦੀ ਛੋਹ

ਤੇਰੇ ਮੁਬਾਰਕ ਹੱਥਾਂ ਦੀ ਛੋਹ ਨੂਰੋ ਨੂਰ ਕਰ ਦਿੰਦੀ
ਮੁਰਝਾਏ ਜੀਵਨ ਵਿੱਚ  ਇਹ ਮਹਿਕਾਂ ਭਰ ਦਿੰਦੀ

ਵਗਦੀਆਂ ਪੌਣਾਂ  ਦੂਰੋਂ ਦੂਰ  ਉਡਾ ਲੈ ਜਾਣ ਕਿਤੇ
ਪਰ ਕੋਈ ਬੂੰਦ ਨਿਆਣੀ ਪੱਤੇ ਨੂੰ ਓਥੇ ਧਰ ਦਿੰਦੀ

ਬਲ਼ਦੀ ਰੋਹੀ ਵੀ  ਪਾਲਿਆਂ ਨੂੰ  ਗਰਮਾਉਂਦੀ ਨਹੀਂ
ਇਹ ਸਾੜ  ਮਾਸੂਮ ਜ਼ਿੰਦਾਂ  ਦੇ  ਪਰ  ਘਰ  ਦਿੰਦੀ

ਪਿਆਸ   ਨਿਮਾਣੀ ਜ਼ਿੰਦ ਦੀ  ਕਦੇ ਵੀ ਬੁਝਦੀ ਨਾ
ਭਾਵੇਂ  ਭਰ ਚੁੰਝੀ  ਕਰ ਖ਼ਾਲੀ ਇਹ ਸਭ ਸਰ ਦਿੰਦੀ

ਵਿੱਚ ਕੋਹਾਂ ਲੰਮੀਆਂ ਰਾਤਾਂ ਦੁੱਖ ਦੁਖਾਉਂਦੀ ਰਹੀ
ਫਿਰ  ਇੱਕ ਕਿਰਣ  ਆਸਾਂ ਦੀ  ਸਭ ਹਰ ਦਿੰਦੀ

ਉੱਜੜੇ ਬਨ੍ਹੇਰਿਆਂ  ਉੱਤੇ ਕਾਂ ਵੀ ਬੈਠਣੋ ਝਕਦੇ ਨੇ
ਤੇਰੀ ਖੁਸ਼ਬੂ ਹੀ ਤੇਰੇ ਆਉਣ ਦੀ ਹੈ ਖ਼ਬਰ ਦਿੰਦੀ

ਕਾਗਾ  ਬਣ ਬੈਠਾ ਬਾਦਸ਼ਾਹ ਪਾ ਕੇ ਹੰਸੀ ਬਾਣਾ
ਪਰ ਭੁੱਖ ਢਿੱਡ ਦੀ ਕਰ ਇਹ ਰਾਜ਼ ਨਸ਼ਰ ਦਿੰਦੀ

'ਮਹਿਕ' ਦੇ ਹਾਸਿਆਂ ਨਾਲ਼ ਦੁਨੀਆਂ ਵੀਹੱਸਦੀ ਏ
ਏਥੇ  ਹੰਝੂ ਕੋਈ ਨਾ ਲੈਂਦਾ ਕਦੇ ਉਹ ਅਗਰ ਦਿੰਦੀ..

Monday, December 14, 2009

ਬਿਖੜੇ ਪੈਂਡੇ ਪਿਆਰਾਂ ਦੇ

ਬਿਖੜੇ ਪੈਂਡੇ ਪਿਆਰਾਂ ਦੇ
ਟੁੱਟ ਜਾਂਦੇ ਮੋਹ ਯਾਰਾਂ ਦੇ

ਪੱਤਝੜੀਂ ਜੋ ਛੱਡ ਜਾਂਦੇ
ਨੇ ਹੁੰਦੇ ਯਾਰ ਬਹਾਰਾਂ ਦੇ

ਚੁੱਭ ਕੇ ਜ਼ਿੰਦਾ ਕਰਦੇ ਨੇ
ਧੰਨਵਾਦੀ ਓਨਾ ਖਾਰਾਂ ਦੇ

ਦੇ ਵਿੱਦਿਆ ਸੰਵਾਰਿਆ
ਸਦਕੇ ਓਹਨਾ ਮਾਰਾਂ ਦੇ

ਘੁੱਟ ਸੀਨੇ ਨੂੰ ਲਾ ਲੈਂਦੀ
ਰਿਣੀ ਮਾਂ ਦੁਲਾਰਾਂ ਦੇ

ਵਿਛੜੇ ਸਾਥੀ  ਹੁਣ ਤਾਂ
ਬਚਪਨ ਗੁਲਜ਼ਾਰਾਂ  ਦੇ

ਦੋਸਤ ਸਭ ਛੱਡ ਗਏ
ਜੋ ਭੁੱਖੇ ਸੀ ਦੀਦਾਰਾਂ ਦੇ

ਰੁੱਤ ਮਹਿਕਦੀ ਟੁਰਦੀ
ਪੈਣ ਜੋ ਛਿੱਟੇ ਖਾਰਾਂ ਦੇ

Tuesday, December 8, 2009

ਕਦੇ ਤਾਂ ਮੰਜ਼ਿਲ਼ ਮਿਲੇਗੀ

ਕਿਸੇ ਨਹੀਂ ਸੀ ਸੁਣਿਆਂ ਸੱਸੀ ਦੀਆਂ ਧਾਹਾਂ ਨੂੰ
ਅੰਨ੍ਹੇ ਭੰਵਰ 'ਚ ਘਿਰਨਾ ਪੈਂਦਾ ਇਸ਼ਕ ਮਲਾਹਾਂ ਨੂੰ



ਚੱਲ ਤੂੰ ਵੀ ਰੁੱਖ ਕਰ ਹੁਣ ਆਪਣੇ ਘਰ ਵੱਲੇ
ਸ਼ਾਮ ਪਈ ਤਾਂ ਪੰਛੀ ਵੀ ਮੁੜਦੇ ਨੇ ਪਨਾਹਾਂ ਨੂੰ

ਕਦੇ ਤਾਂ ਮੰਜ਼ਿਲ਼ ਮਿਲੇਗੀ ਜਖ਼ਮੀ ਹੋਏ ਪੈਰਾਂ ਨੂੰ
ਕਦੇ ਤਾਂ ਚੈਨ ਆਵੇਗਾ ਉਨੀਂਦੀਆਂ ਰਾਹਾਂ ਨੂੰ

ਪਿਆਰਾਂ ਦੇ ਪਰਿੰਦੇ ਕਦੇ ਤਾਂ ਪਰਤਣਗੇ ਦਿਲ਼ੀਂ

ਕੋਈ ਤਾਂ ਸੁਰ ਮਿਲੇਗੀ ਉੱਖੜੇ ਹੋਏ ਸਾਹਾਂ ਨੂੰ

ਓਹ ਈਦ ਦਾ ਚੰਨ ਕਦੇ ਤਾਂ ਚੜੇਗਾ ਚੁਬਾਰੇ
ਕੋਈ ਗਲਵੱਕੜੀ ਮਿਲਜੂ ਸੁੰਨੀਆਂ ਬਾਹਾਂ ਨੂੰ


ਇੱਕ ਵਾਰ ਮੁਹੱਬਤ ਦਾ ਬੀ ਤਾਂ ਬੀਜ ਕੇ ਦੇਖ
ਫਲ਼ ਲਗਦੇ ਆਏ ਨੇ ਸਦਾ ਸੁੱਚੀਆਂ ਚਾਹਾਂ ਨੂੰ

ਆਪੇ ਉੱਠਣਾ ਪੈਣਾ ਜੇ ਕੁਝ ਕਰਨਾ ਚਾਹੁੰਦੀ ਤਾਂ
'ਮਹਿਕ' ਮੌਤ ਹੀ ਮਿਲਦੀ ਝੂਠੀਆਂ ਢਾਹਾਂ ਨੂੰ

Saturday, December 5, 2009

ਮੌਤ

ਮੌਤ ..... ਸੁਨਣ ਨੂੰ ਮਿਲ ਹੀ ਜਾਂਦਾ ਅਕਸਰ
ਕਿਸੇ ਦੀ ਮੌਤ
ਉਹ ਕੀ ਖੱਟ ਗਿਆ
ਕੀ ਵੱਟ ਗਿਆ?
ਦਰਦ ਹੋਇਆ ਸੀ?
ਕਿ ਚੁੱਪ ਈ ਵੱਟ ਗਿਆ?


ਡਰਦਾ ਸੀ ਮੌਤ ਤੋਂ
ਭੱਜਦਾ ਸੀ ਮੌਤ ਤੋਂ
ਅੰਤ ਦਬੋਚਿਆ ਗਿਆ
ਕਿੰਨੀ ਜ਼ਬਰਦਸਤ ਖ਼ਾਹਿਸ਼ ਸੀ
ਉਸਦੀ ਜੀਣ ਦੀ
ਹੱਸਦਾ ਰਹਿੰਦਾ ਸੀ ਸਦਾ
ਹਾਂ .... ਕਿਸੇ ਦੀ ਕਮਜ਼ੋਰੀ 'ਤੇ
 ਲਾਚਾਰੀ 'ਤੇ

ਕਿਸੇ ਦੀ ਕਮਅਕਲ਼ੀ 'ਤੇ
ਬਦਸ਼ਕਲੀ 'ਤੇ

ਹੋਣੀ ਆਪਣੇ ਰੰਗ ਦਿਖਾ ਦਿੱਤੇ
ਮੰਜੇ'ਚ ਪਿਆ
'ਬਹੁੜੀਂ' ਦੁਹਾਈ ਪਾਉਂਦਾ ਸੀ
ਆ ਜਾਵੇ ਜਲ਼ਦੀ ਮੌਤ
ਇਹੀ ਚਾਹੁੰਦਾ ਸੀ


ਇੰਤਜ਼ਾਰ ਉਸਦਾ ਲੰਬਾ ਸੀ
ਬਹੁਤ ਲੰਬਾ
ਪਰ ਉਹ ਆਈ ਤਾਂ
ਲੈ ਗਈ ਇੱਕ ਛਿਣ ਵਿੱਚ
ਕਿਸੇ ਨੂੰ ਅਲ਼ਵਿਦਾ ਵੀ
ਨਾ ਕਹਿ ਪਾਇਆ


ਲੋਕੀਂ ਕਹਿੰਦੇ -
'ਮੌਤ ਬੜੀ ਦਰਦੀਲੀ ਸੀ
ਲਈ ਜਾਨ ਉਸਨੇ
ਕਰ ਤੀਲ਼ੀ ਤੀਲ਼ੀ ਸੀ'

ਪਰ ਮੌਤ ਦਾ ਤਾਂ ਦਰਦ ਨਹੀਂ ਹੁੰਦਾ
ਹਾਂ ਮੌਤ ਦਾ ਕੇਵਲ ਡਰ ਹੁੰਦਾ
ਦਰਦ ਹੁੰਦਾ ਜਦੋਂ
ਆਤਮਾ ਕੁਰੇਦਦੀ ਅੰਦਰੋਂ

ਕੀਤੀਆਂ ਇੱਕ ਇੱਕ ਕਰਕੇ
ਯਾਦ ਆਉਂਦੀਆਂ
ਭੱਜ ਜਾਣਾ ਚਾਹੁੰਦਾ ਬੰਦਾ
ਮੂੰਹ ਲੁਕਾ ਕੇ ਕਿਤੇ
ਫ਼ਿਰ ਮੌਤ ਤੋਂ ਵੱਡਾ
ਪਰਦਾ ਕਿਹੜਾ ਹੈ?
ਆਉਂਦੀ ਤੇ ਆ ਕੇ 

ਚੁੱਪਚਾਪ
ਬੁੱਕਲ ਵਿੱਚ ਲੁਕਾ ਲੈਂਦੀ
ਦਰਦ ਸੁੱਕ ਜਾਂਦੇ 

ਡਰ ਮੁੱਕ ਜਾਂਦੇ

Wednesday, December 2, 2009

ਰੰਗ ਕਿਹੜਾ ਹੈ?

ਅਮੀਰਾਂ ਗਰੀਬਾਂ ਦਾ ਰੰਗ ਕਿਹੜਾ ਹੈ?
ਊਚਾਂ ਨੀਚਾਂ
ਦਾ ਰੰਗ ਕਿਹੜਾ ਹੈ?
ਉੱਚੀ ਉੱਚੀ ਕੂਕਦੇ, ਸਿਰ ਖਾਂਦੇ
ਦੁਨੀਆਂ ਨੂੰ ਕੰਮਾਂ ਤੋਂ ਹਟਾਂਦੇ
ਕਰਦੇ ਮਾਰਚ ਧਰਨੇ ਦਿੰਦੇ
ਸ਼ੋਰ ਸ਼ਰਾਬਾਂ ਦੇ ਨਾਲ਼ ਚਲਦੇ
ਇਨਕਲਾਬਾਂ ਦਾ ਰੰਗ ਕਿਹੜਾ ਹੈ?


ਮਜ਼ਹਬੀ ਸਿਆਸੀ ਹਿੱਤਾਂ ਦੇ ਲਈ
ਜਾਂ ਮਨ ਦੀਆਂ ਭੁੱਖਾਂ ਦੇ ਲਈ
ਕੁਝ ਬੰਦੇ ਇੱਕਜੁੱਟ ਹੋ ਸਕਦੇ
ਜਿਸ ਕਿਤੇ ਨਹੀਂ ਨਾਂ ਲਿਖਾਇਆ
ਖੇਤਾਂ ਦੇ ਵਿੱਚ ਰੁਲ਼ਦਾ ਆਇਆ
ਉਸਦੇ ਝੰਡੇ ਦਾ ਰੰਗ ਕਿਹੜਾ ਹੈ?


ਜਿਹੜੀ ਘਰ ਵਿੱਚ ਦਬਾਈ ਜਾਂਦੀ
ਕੰਮ ਵੀ ਕਰਦੀ ਘਰ ਚਲਾਉਂਦੀ
ਸਾਹ ਲੈਣ ਨੂੰ ਵਿਹਲ਼ ਨਾ ਪਾਉਂਦੀ
ਨਿੱਤ ਓਹ ਵਹਿਸ਼ੀ ਮਾਰ ਹੈ ਸਹਿੰਦੀ
ਉਸਦੇ ਮਰੀਅਲ ਪਿੰਡੇ 'ਤੇ ਪੈਂਦੀਆਂ
ਛਮਕਾਂ ਦਾ ਰੰਗ ਕਿਹੜਾ ਹੈ?


ਜਿਹੜਾ ਪੜਨ ਜਾਣ ਦੀ ਉਮਰੇ
ਨੰਗਾ ਭੁੱਖਾ ਤੁਰਿਆ ਫਿਰਦਾ
ਲਾਚਾਰ ਮਾਂ ਦੇ ਢਿੱਡ ਦੀ ਖ਼ਾਤਿਰ
ਬਾਲ਼ ਮਜੂਰੀ ਦੇ ਵਿੱਚ ਲੱਗਾ
ਉਸਦੀਆਂ ਅੱਖਾਂ ਦੇ ਵਿੱਚ ਵੱਸੇ
ਸੁਪਨਿਆਂ ਦਾ ਰੰਗ ਕਿਹੜਾ ਹੈ?