Monday, November 30, 2009

ਦਿਲ ਵਿੱਚ ਮੁਹੱਬਤ ਦੇ ਜਜ਼ਬਾਤ ਹੋਣੇ ਚਾਹੀਦੇ



ਖਿੜੇ ਗੁਲਸ਼ਨ ਵਿੱਚ ਕਾਇਨਾਤ ਹੋਣੇ ਚਾਹੀਦੇ
ਦਿਲ ਵਿੱਚ ਮੁਹੱਬਤ ਦੇ ਜਜ਼ਬਾਤ ਹੋਣੇ ਚਾਹੀਦੇ


'ਇੱਕ ਚੁੱਪ ਸੌ ਸੁੱਖ' ਸੱਚ ਸੀ ਪਹਿਲ਼ਾਂ ਕਦੇ
ਪਰ ਅੱਜਕਲ ਦੇ ਲੋਕ ਬੇਬਾਕ ਹੋਣੇ ਚਾਹੀਦੇ


ਮੇਰੇ ਦਿਲ਼ ਦੀ ਸੁਣ ਯਾਰਾ ਆਪਣੇ ਦਿਲ ਦੀ ਕਹਿ
ਹੁਣ ਸਾਡੇ ਸਾਂਝੇ ਹਰ ਖਿਆਲਾਤ ਹੋਣੇ ਚਾਹੀਦੇ
 

'ਹਰ ਬੱਚੇ ਨੂੰ ਪੜਨੇ ਦਾ ਹੱਕ ਹੈ' ਠੀਕ ਹੈ
ਪਰ ਇਸਦੇ ਲਈ ਵਾਜਿਬ ਹਾਲਾਤ ਹੋਣੇ ਚਾਹੀਦੇ


ਮੰਗਣ ਵਾਲ਼ੇ ਦਾਜ ਬੇਸ਼ੱਕ ਹੁੰਦੇ ਗੁਨਹਗਾਰ ਨੇ
ਦੇਣ ਵਾਲ਼ੇ ਵੀ ਅੰਦਰ ਹਵਾਲਾਤ ਹੋਣੇ ਚਾਹੀਦੇ


ਕਿਸੇ ਦੇ ਲੇਖ਼ਾਂ ਵਿੱਚ ਨਹੀਂ ਹੁੰਦੀਆਂ ਕੇਵਲ਼ ਖ਼ੁਸ਼ੀਆਂ
ਫੁੱਲ਼ਾਂ ਦੇ ਨਾਲ਼ ਕੰਡੇ ਵੀ ਸੌਗ਼ਾਤ ਹੋਣੇ ਚਾਹੀਦੇ
 

ਮਹਕ ਹੋਵੇ ਦਿਲ਼ਾਂ ਵਿੱਚ ਪਿਆਰਾਂ ਦੀ ਸਦਾ
ਦੂਰ ਰੋਣੇ ਧੋਣੇ ਦੁੱਖ ਸੰਤਾਪ ਹੋਣੇ ਚਾਹੀਦੇ

Wednesday, November 25, 2009

ਤੇਰੇ ਸ਼ਹਿਰ ਵਿੱਚ



ਤੇਰੇ ਸ਼ਹਿਰ ਵਿੱਚ ਆ ਕੇ ਮੈਂ ਹੈਰਾਨ ਹੋ ਗਈ
ਜਾਵਾਂ ਕਿਹੜੇ ਪਾਸੇ ਮੈਂ ਪਰੇਸ਼ਾਨ ਹੋ ਗਈ

ਦੂਰੋਂ ਬਲ਼ਦਾ ਦਿਸੇ ਕੋਈ ਦੀਵਾ ਜਾਂ ਤਾਰਾ ਕੋਈ
ਨੇੜੇ ਜਾ ਕੇ  ਤੱਕਿਆ ਹਰ ਗਲ਼ੀ ਸੁੰਨਸਾਨ ਹੋ ਗਈ


ਓਹ ਜੋ ਦੇਂਦੇ ਨੇ ਦੁਹਾਈ ਸਦਾ ਤੇਰੇ ਨਾਂ ਦੀ
ਅੱਹ ਓਹਨਾਂ ਦੀ ਰੂਹ ਵੀ ਬੇਈਮਾਨ ਹੋ ਗਈ


ਲੋਕਾਂ ਦੇ ਜਜ਼ਬਾਤਾਂ ਨੂੰ ਮਗਾਉਂਦੇ ਤੇ ਸੇਕਦੇ
ਨੋਟਾਂ ਅਤੇ ਵੋਟਾਂ ਦੀ ਤੱਕੜੀ ਮਹਾਨ ਹੋ ਗਈ


ਦੀਨ ਅਤੇ ਈਮਾਨ ਰੁਲਦਾ ਫਿਰੇ ਸੜਕਾਂ ਤੇ
ਝੂਠ ਅਤੇ ਫਰੇਬ ਦੀ ਉੱਚੀ ਦੁਕਾਨ ਹੋ ਗਈ


ਕਦੇ ਮਿਲੇ ਸੀ ਆਪਾਂ ਓਹ ਸੀ ਚੰਗੇ ਵੇਲ਼ੇ
ਅੱਜ ਤੇਰੀ ਤੇ ਮੇਰੀ ਗੁੰਮ ਪਹਿਚਾਣ ਹੋ ਗਈ


ਨੇਕੀ ਨੂੰ ਲਤਾੜਦੇ ਸੱਚ ਦੇ ਵੱਜਣ ਗੋਲੀਆਂ
ਤੇਰੇ ਸ਼ਹਿਰ ਦੀ ਹਰ ਗਲ਼ੀ ਸਮਸ਼ਾਨ ਹੋ ਗਈ


ਅੱਜ ਇੱਥੇ ਕੋਈ ਕਿਸੇ ਦਾ ਦਰਦੀ ਨਹੀਂ
ਇਨਸਾਨੀਅਤ ਵੀ ਸ਼ੈਤਾਨ ਦੀ ਸੰਤਾਨ ਹੋ ਗਈ


Thursday, November 19, 2009

ਇੱਕ ਬੇਰੰਗਾ ਲਿਫਾਫ਼ਾ

 










ਕਿਹੜਾ ਘੁਣ ਲੱਗ ਗਿਆ ਅੱਜ ਆਪਣੀ ਅਪਣੱਤ ਤੇ
ਰੋਂਦਾ ਹੋਊ ਮਨੁੱਖਤਾ ਦਾ ਮਸੀਹਾ ਆਪਣੀ ਦੁਰਗੱਤ ਤੇ


ਕਿਸਨੇ ਸੰਗੀ ਘੁੱਟੀ ਮੇਰੀ ਮੁਹੱਬਤ ਦੇ ਮਿਰਗ ਦੀ
ਕਿਸਨੇ ਕਾਲਖ ਡੋਲ਼ੀ ਸੂਹੇ ਮੇਰੇ ਦਿਲ
ਦੀ ਰੱਤ ਤੇ

'ਤੂੰ ਲੈ ਰਾਹ ਆਪਣਾ ਮੈਂ ਚੱਲੀ' ਕਹਿ ਕੇ ਪਰਤ ਪਈ
ਸੀ ਕਿਸ ਨਿੱਜੜੇ ਪੱਥਰ ਪਾਏ ਮੇਰੀ ਮੱਤ ਤੇ



ਤੇਰਿਆਂ ਸਾਹਾਂ ਦੀ ਕੀਮਤ ਮੇਰੀ ਜ਼ਿੰਦਗੀ ਤਾਂ ਨੀ ਸੀ
ਕਿਓਂ ਲਿਖ ਆਈ ਮੌਤ ਤੇਰੇ ਸਾਹਾਂ ਦੇ ਪੱਤ ਤੇ

ਇੱਕ ਬੇਰੰਗਾ ਲਿਫਾਫ਼ਾ ਹੌਂਕਿਆਂ ਦਾ ਨਿੱਤ ਆਉਂਦਾ
ਕੋਈ ਨਾਂ ਪਤਾ ਨਾ ਲਿਖਿਆ ਹੁੰਦਾ ਇਸ ਖ਼ਤ ਤੇ


ਕਿਸਨੇ ਮੇਰੇ ਹੰਝੂਆਂ 'ਚ ਵੀ ਭਰ ਦਿੱਤੀ ਚਾਨਣੀ
ਜਾ ਕੇ ਲਏ ਸਜਾ ਨੀਲ਼ੇ ਅੰਬਰ ਦੀ ਛੱਤ ਤੇ

Monday, November 16, 2009

ਕੁੜੀਆਂ



ਜੇ ਇਸ ਜਗ ਤੇ ਹੋਣ ਨਾ ਕੁੜੀਆਂ
ਖਾਲ਼ੀ ਖਾਲ਼ੀ  ਹੋਵੇ  ਪਈ ਦੁਨੀਆਂ



ਖੇਡਣ    ਗੁੱਡੀਆਂ  ਅਤੇ   ਪਟੋਲੇ
ਕਦੇ ਦਾਦੀ ਮਾਂ ਬਣ ਜਾਵਣ ਕੁੜੀਆਂ


ਪੁੱਤਰ    ਧੀ    ਨਾ    ਬਣ   ਪਾਵੇ
ਪਰ ਪੁੱਤਰ ਬਣ ਜਾਵਣ ਕੁੜੀਆਂ

ਚਿੜੀਆਂ   ਵਾਂਗੂੰ   ਰੌਣਕ  ਲਾ  ਕੇ
ਵਕਤ ਆਏ ਉੱਡ ਜਾਵਣ ਕੁੜੀਆਂ


ਮਾਂ ਪਿਓ ਦਾ ਦੁੱਖ ਸੁੱਖ ਵੰਡਾ ਕੇ
ਮਨ ਹੌਲ਼ਾ ਕਰ ਜਾਵਣ ਕੁੜੀਆਂ


ਔਖੇ     ਵੇਲੇ   ਬਨਣ   ਸਹਾਰਾ
ਇਹ ਨੇ ਸੁੱਘੜ ਸਿਆਣੀਆਂ ਕੁੜੀਆਂ


ਕਿਓਂ ਜੱਗ ਬਣਿਆਂ ਇਨਾਂ ਦਾ ਵੈਰੀ
ਇਹ ਤਾਂ ਪਵਿੱਤਰ ਪਾਵਣ ਕੁੜੀਆਂ

ਜਿਸ  ਕੁੱਖ  ਵਿੱਚੋਂ   ਜਗ   ਉੱਪਜਿਆ
ਕਿਓਂ ਓਸੇ ਕੁੱਖ ਮਰ ਜਾਵਣ ਕੁੜੀਆਂ?

Saturday, November 14, 2009

ਕੀ ਕਰਾਂ ਮੈਥੋਂ ਜੀ ਨਹੀਂ ਹੁੰਦਾ



ਕੀ ਕਰਾਂ ਮੈਥੋਂ ਜੀ ਨਹੀਂ ਹੁੰਦਾ
ਜ਼ਹਿਰ ਜ਼ਿੰਦਗੀ ਦਾ ਪੀ ਨਹੀਂ ਹੁੰਦਾ


ਕਿਸੇ ਦੇ ਹੰਝੂ ਦੇਖਾਂ ਬੇਵੱਸ
ਚਾਕਜਿਗਰ ਮੈਥੋਂ ਸੀ ਨਹੀਂ ਹੁੰਦਾ 


ਹਰ ਦੁੱਖ ਮਿਟਾ ਦੇਣਾ ਚਾਹਾਂ
ਪਰ ਸਾਰਾ ਗ਼ਮ ਮੈਥੋਂ ਪੀ ਨਹੀਂ ਹੁੰਦਾ


ਮੈਂ ਵੀ ਗਾਵਾਂ ਗੀਤ ਵਸਲ ਦੇ
ਮੇਰਾ ਕੋਈ ਹਮਨਸ਼ੀਂ ਨਹੀਂ ਹੁੰਦਾ


ਓਹਨਾ ਸੌ ਸਿਤਮ ਕੀਤੇ ਪਰ
ਮੁੱਖ ਤੋਂ ਮੇਰੇ ਸੀ ਨਹੀਂ ਹੁੰਦਾ


ਖਰੀਦ ਸਕੇ ਜੋ ਸਾਰੀ ਦੁਨੀਆਂ
ਕੋਈ ਏਨਾ ਵੀ ਧਨੀ ਨਹੀਂ ਹੁੰਦਾ


ਹਾਂ ਪਹਾੜ ਵੀ ਡਿੱਗਦੇ ਕਦਮਾਂ ਤੇ
ਚਾਹੋ ਤਾਂ ਫਿਰ ਕੀ ਨਹੀਂ ਹੁੰਦਾ


ਇਕ ਜੇ ਤੂੰ ਮੇਰੇ ਵੱਲ ਹੋਵੇਂ
ਫਿਰ ਦੇਖੀਂ ਮੈਥੋਂ ਕੀ ਨਹੀਂ ਹੁੰਦਾ