Thursday, April 29, 2010

ਚਿੱਤ ਕਰੇ ਨਾ ਖੋਲ੍ਹਾਂ ਅੱਖੀਆਂ

ਚਿੱਤ ਕਰੇ ਨਾ ਖੋਲ੍ਹਾਂ ਅੱਖੀਆਂ
ਭਾਵੇਂ ਵਾਜਾਂ ਮਾਰਨ ਸਖੀਆਂ

ਬਲ਼ਦੇ ਮਨ ਦੀ ਧੂਣੀ ਉੱਤੇ
ਝੱਲਾਂ ਮੈਂ ਰੋ ਰੋ ਕੇ ਪੱਖੀਆਂ

ਹਾਲੇ ਤਕ ਦੰਦਾਂ ਨੂੰ ਲੱਗੀਆਂ
ਦਾਖਾਂ ਇਸ਼ਕ ਦੀਆਂ ਜੋ ਚੱਖੀਆਂ

ਜਦੋਂ ਤੂੰ ਮੇਰੇ ਵਿਹੜੇ ਆਉਣਾ
ਦੂਰ ਹੋਣੀਆਂ ਨੇ ਤਲਖ਼ੀਆਂ

ਫ਼ਲ ਅੰਮਿ੍ਤ ਨਾ ਟੁੱਟੇ ਮੈਥੋਂ
ਟੱਪ ਟੱਪ ਕੇ ਚੜੀਆਂ ਵੱਖੀਆਂ

ਸੱਤ ਸਮੁੰਦਰ ਖਾਲ਼ੀ ਕੀਤੇ
ਬੁਝੀਆਂ ਨਾ ਪਰ ਅੱਗਾਂ ਭੱਖੀਆਂ

ਮਿੱਠਾ ਗੁੜ ਨਾ ਹੋਵੀਂ ਯਾਰਾ
ਭਿਣਕਦੀਆਂ ਨੇ ਫੇਰ ਮੱਖੀਆਂ

ਆਪਣੇ ਮਨ ਪ੍ਚਾਵੇ ਨੂੰ ਹੀ
ਯਾਦਾਂ ਤੇਰੀਆਂ ਦਿਲ ਵਿੱਚ ਰੱਖੀਆਂ

Wednesday, April 28, 2010

ਸੱਚਾਈ ਤੱਕ ਪਹੁੰਚਣ ਦਾ ਦਮ ਤਾਂ ਸਾਰੇ ਰੱਖਦੇ ਨੇ

ਸੱਚਾਈ ਤੱਕ ਪਹੁੰਚਣ ਦਾ ਦਮ ਤਾਂ ਸਾਰੇ ਰੱਖਦੇ ਨੇ
ਪਰ ਇਸਦੇ ਰਾਹਾਂ ਤੇ ਹੈ ਚਲ ਪਾਉਂਦਾ ਕੋਈ ਕੋਈ

ਭਾਵਾਂ ਤੇ ਅਹਿਸਾਸਾਂ ਨੂੰ ਵੀ ਸ਼ਬਦਕੋਸ਼ਾਂ ਦੀ ਕੈਦ ਹੈ
ਦਿਲ ਦੇ ਬੇਜ਼ੁਬਾਨੇ ਅੱਖਰ ਸਮਝਾਉਂਦਾ ਕੋਈ ਕੋਈ

ਦਿਲ ਦਾ ਗਹਿਣਾ ਮੁਹੱਬਤ ਜਿਸਮਾਂ ਦੀਆਂ ਬੇੜੀਆਂ
ਇਸ ਪੰਛੀ ਨੂੰ ਕੈਦ ਵਿੱਚੋਂ ਹੈ ਛੁਡਾਉਂਦਾ ਕੋਈ ਕੋਈ

ਰੂਹਾਂ ਦੀ ਅਗਨੀ ਪ੍ੀਖਿਆ ਵੀ ਇਸ ਜਗ ਤੇ ਹੁੰਦੀ
ਝੱਖੜਾਂ ਵਿੱਚ ਰੁਲ਼ ਕੇ ਵੀ ਪਾਰ ਲੰਘਾਉਂਦਾ ਕੋਈ ਕੋਈ

ਧਰਤੀ ਦੀ ਖੁਰਲੀ ਵਿੱਚ ਮੂੰਹ ਤਾਂ ਸਾਰੇ ਮਾਰਦੇ ਨੇ
ਹੱਡ ਚੰਮ ਗੋਹਾ ਦੇ ਹੈ ਉਪਜਾਉਂਦਾ ਕੋਈ ਕੋਈ

ਇਸ਼ਕ ਇਬਾਦਤ ਰੱਬ ਦੀ ਵਿਰਲਾ ਕੋਈ ਕਰਦਾ
ਸੂਲੀ ਤੇ ਚੜ੍ਹਦਾ ਸਿਰ ਤਲ਼ੀ ਟਿਕਾਉਂਦਾ ਕੋਈ ਕੋਈ

ਵਿੱਚ ਦੁਨੀਆਂ ਅਧੂਰਾਪਣ ਹੈ ਹਰ ਦਿਲ ਦੇ ਅੰਦਰ
ਬਣ ਜਾਂਦਾ ਕਿਸੇ ਦਾ ਕਿਸੇ ਅਪਣਾਉਂਦਾ ਕੋਈ ਕੋਈ

ਜਾਤ ਧਰਮ ਡੇਰੇ ਬਾਬੇ ਦਿਲ਼ ਛੋਟੇ ਹੋਈ ਜਾਂਦੇ ਨੇ
ਕੱਢ ਜਿਗਰਾ ਇਸ਼ਕੇ ਦੀ ਅਲਖ ਜਗਾਉਂਦਾ ਕੋਈ ਕੋਈ