Thursday, January 21, 2010

ਮੈਂ (ਮਨੁੱਖ)

ਅੱਗੇ ਹੀ ਅੱਗੇ ਵਧਦਾ ਜਾਵਾਂ
ਨਿੱਤ ਨਵੀਂ ਮੈਂ ਰਾਹ ਬਣਾਈ
ਮੈਂ ਤਾਕਤਵਰ ਅਤੇ ਸਿਆਣਾ
ਅੱਜ ਸਭਨੂੰ ਹੈ ਕਰ ਦਿਖਾਈ


ਧਰਤੀ ਦੇ ਚੱਪੇ ਚੱਪੇ ਤੇ
ਅੱਜ ਰਾਜ ਹੈ ਚਲਦਾ ਮੇਰਾ
ਹੁਣ ਮੇਰੀ ਅੱਖ ਅਕਾਸ਼ੀਂ ਲੱਗੀ
ਗਿਆ ਓਥੇ ਵੀ ਕਰ ਚੜਾਈ


ਮੈਂ ਮੇਰੀ ਹੈ ਸਭ ਤੋਂ ਵੱਡੀ
ਮਾਣ ਮੈਨੂੰ ਮੇਰੀ ਅਕਲ਼ ਤੇ
ਹਾਂ ਤਦੇ ਦੁਰਸਾਹਸ ਵੀ ਕਰਦਾਂ
ਖੜਾ ਹੋਂਦ ਨਾਲ਼ ਸਿੰਗ ਫਸਾਈ


ਕੁਦਰਤ ਮੇਰੇ ਘਰ ਦੀ ਬਾਂਦੀ
ਜਿਵੇਂ ਚਾਹਾਂ ਤਿਵੇਂ ਨਚਾਵਾਂ
ਕਦੇ ਅੜੀਆਂ ਵੀ ਕਰ ਜਾਂਦੀ
ਫੇਰ ਕਿਵੇਂ ਨਾ ਜਾਏ ਮਨਾਈ
 

ਕਦੇ ਮੈਂ ਪੀਰ ਪੈਗੰਬਰ ਬਣਿਆਂ
ਧੁਰ ਤੋਂ ਕਈ ਪੈਗ਼ਾਮ ਲਿਆਂਦੇ
ਸਮਾਂ ਪਏ ਸਭ ਵਿਸਰ ਜਾਂਦੇ
ਰੁਲ਼ਦੀ ਖੁਲ਼ਦੀ ਫੇਰ ਲੁਕਾਈ

 

ਵਿੱਚ ਅਸਮਾਨੀਂ ਮੇਰੀਆਂ ਪੈੜਾਂ
ਧਰਤੀ ਤੇ ਮੇਰੀ ਪਰਛਾਈ
ਸੱਤ ਸਮੁੰਦਰ ਛਾਣ ਮੈਂ ਸੁੱਟੇ
ਪਰ ਸਮਝੀ ਨਾ ਗਈ ਖ਼ੁਦਾਈ

Tuesday, January 12, 2010

ਜੇ ਸੱਜਣਾ ਪਰਦੇਸੀਂ ਵਸਣਾ

ਜੇ ਸੱਜਣਾ ਪਰਦੇਸੀਂ ਵਸਣਾ ਓਥੇ ਮੋਹ ਨਾ ਪਾਈਂ
ਪਰਤ ਕੇ ਆਵੀਂ ਇੱਕ ਦਿਨ ਹੱਸਦਾ ਚਾਈਂ ਚਾਈਂ


ਰਹੂੰ ਉਡੀਕਦੀ ਤੈਨੂੰ ਮੈਂ ਬਾਲ਼ ਕੇ ਅੱਖਾਂ ਦੇ ਦੀਵੇ
ਨਿੰਮੀ ਲੋ ਵਾਲਾ ਘਰ ਕਿਧਰੇ ਤੂੰ ਭੁੱਲ ਨਾ ਜਾਈਂ


ਸ਼ਾਹ ਰਾਤਾਂ ਜੁਲਫ਼ਾਂ ਦੀਆਂ ਪਾਲ਼ੇ ਨਾ ਠਰ ਜਾਵਣ
ਹਿਜਰਾਂ ਦੇ ਚੁੱਲ੍ਹੇ ਵਿੱਚ ਅੱਗ ਪਿਆਰ ਦੀ ਪਾਈਂ


ਖ਼ੌਰੇ ਤੈਨੂੰ ਵਿਹਲ਼ ਮਿਲੇ ਨਾ ਜਾਂ ਤੂੰ ਲਿਖ ਨਾ ਪਾਵੇਂ
ਮੇਰੇ ਭੇਜੇ ਪਰੇਮ ਪੱਤਰ ਨੂੰ ਘੁੱਟ ਕੇ ਸੀਨੇ ਲਾਈਂ

ਪੁੰਨਿਆਂ ਦੇ ਚੰਨ ਵਾਂਗੂ ਚਮਕੇ ਸੋਹਣਾ ਮੁੱਖ ਤੇਰਾ
ਮੱਸਿਆ ਦੇ ਚੰਨ ਵਾਂਗੂ ਤੂੰ ਚੜਨਾ ਨਾ ਭੁੱਲ ਜਾਈਂ


ਤੇਰੇ ਲਈ ਮੈਂ ਟੇਕਾਂ ਮੱਥੇ ਤੇ ਓਸ ਰੱਬ ਨੂੰ ਧਿਆਵਾਂ
ਖ਼ੈਰਾਂ ਮੰਗਾਂ ਸਦਾ ਤੇਰੀਆਂ ਤੈਨੂੰ ਉਮਰਾਂ ਦੇਵੇ ਸਾਈ

ਇੱਕ ਨਿੱਕੀ ਚਿੱਟੀ ਬੱਦਲ਼ੀ

ਇੱਕ ਨਿੱਕੀ ਚਿੱਟੀ ਬੱਦਲ਼ੀ
ਉੱਜਲੀ ਉੱਜਲੀ
ਦੇਖ ਕੇ ਜਿਸ ਨੂੰ
ਦਿਲ ਵਿੱਚ ਕੁਝ ਹੁੰਦਾ
ਕੁਝ ਉੱਡਦਾ ਉੱਡਦਾ ਜਾਪੇ
ਕੀ ਭਰ ਲਵਾਂ ਇਸ ਨੂੰ ਕਲਾਵੇ?
ਜਾਂ ਇਸਦੇ ਵਿੱਚ ਸਮਾ ਜਾਵਾਂ?
ਜਾ ਇਹੀ ਉਤਰ ਜਾਵੇ ਮੇਰੇ ਵਿੱਚ
ਮੈਂ ਵੀ ਬਣਜਾਂ ਨਿੱਕੀ ਬੱਦਲ਼ੀ

ਉੱਜਲੀ ਉੱਜਲੀ 
ਇੱਕ ਨਿੱਕੀ ਚਿੱਟੀ ਬੱਦਲ਼ੀ

Monday, January 4, 2010

ਪੋਹ ਦੇ ਤੜਕੇ

ਮਿੱਠੀ ਮਿੱਠੀ ਵਾ ਪਈ ਵੱਗੇ ਗੂੰਜਣ ਭੌਰੇ ਕਲੀਆਂ 'ਤੇ
ਡਾਰ ਬਣਾ ਕੇ ਉੱਡਦੇ ਪੰਛੀ ਜਾ ਕੇ ਬੈਠਣ ਫਲ਼ੀਆਂ 'ਤੇ


ਚਾਂਦੀ ਰੰਗੀ ਧੁੱਪ ਦਾ ਬਾਣਾ ਧਰਤੀ ਅੰਗ ਛੁਹਾਇਆ ਏ
ਅੰਬਰ ਵੀ ਅੱਜ ਧਰਤ ਨੂੰ ਦੇਖਣ ਮੂੰਹ ਧੋ
ਕੇ ਆਇਆ ਏ

ਪੱਤਾ ਪੱਤਾ ਬੂਟਾ ਬੂਟਾ ਹਰਿਆਲੀ ਨਾਲ਼ ਭਰ ਆਇਆ
ਆ ਜਾਈਂ ਤੂੰ ਵੀ ਪੱਛੋ ਪੌਣੇ ਕੋਈ ਚੁਗਲੀ ਕਰ ਆਇਆ


ਪੋਹ ਦੇ ਤੜਕੇ ਸੂਰਜ ਨੇ ਵੀ ਧੁੰਦ ਦਾ ਸਿਹਰਾ ਬੰਨ ਲਿਆ
ਢੁੱਕੇ ਲੋਕੀਂ ਲਾੜਾ ਦੇਖਣ ਇਹ ਹੈ ਦਰਸ਼ਨੀ  ਮੰਨ ਲਿਆ


ਬੱਦਲ਼ ਰੂੰਏ ਚਲਦੇ ਰਹਿੰਦੇ ਹੋਣ ਜਿਵੇਂ ਸਦੀਆਂ ਦੇ ਰਾਹੀ
ਇੱਕ ਲੱਪ ਧੁੱਪ ਦਾ ਨਿੱਘ ਮਾਨਣ ਦੀ ਵੀ ਹੋਏ ਮਨਾਹੀ


ਰਾਤਾਂ ਨੂੰ ਜਦ ਸੀਤ ਏ ਚਲਦੀ ਸਭ ਅੰਦਰੀਂ ਵੜਦੇ ਨੇ
'ਓਏ ਕੋਈ ਤਾਂ ਸਾਨੂੰ ਦੇਖੋ' ਫਿਰ ਤਾਰੇ ਅੱਖਾਂ ਕੱਢਦੇ ਨੇ


ਲੰਬੀਆਂ ਰਾਤਾਂ ਕੋਈ ਸੌਂ ਕੇ ਕੋਈ ਰੱਬ ਰੱਬ ਕਰ ਕੱਟਦਾ ਏ
ਮੂੰਹ ਜਾਪੇ ਜਿਵੇਂ ਕੋਈ ਛੱਜ ਜੋ ਪਿਆ ਦੰਦਾਂ ਨੂੰ ਛੱਟਦਾ ਏ
 

ਜਿਹੜੇ ਤਰਸਣ ਕੁੱਲੀ ਜੁੱਲੀ ਨੂੰ ਉਹਨਾਂ ਦੀ ਵੀ ਸਾਰ ਲਵੋ
ਮੁੱਠੀ ਅੱਗ ਓਹਨਾਂ ਦਾ ਹੱਕ ਹੈ ਦੇਣਾ ਕਿਵੇਂ ਵਿਚਾਰ ਲਵੋ