Thursday, January 21, 2010

ਮੈਂ (ਮਨੁੱਖ)

ਅੱਗੇ ਹੀ ਅੱਗੇ ਵਧਦਾ ਜਾਵਾਂ
ਨਿੱਤ ਨਵੀਂ ਮੈਂ ਰਾਹ ਬਣਾਈ
ਮੈਂ ਤਾਕਤਵਰ ਅਤੇ ਸਿਆਣਾ
ਅੱਜ ਸਭਨੂੰ ਹੈ ਕਰ ਦਿਖਾਈ


ਧਰਤੀ ਦੇ ਚੱਪੇ ਚੱਪੇ ਤੇ
ਅੱਜ ਰਾਜ ਹੈ ਚਲਦਾ ਮੇਰਾ
ਹੁਣ ਮੇਰੀ ਅੱਖ ਅਕਾਸ਼ੀਂ ਲੱਗੀ
ਗਿਆ ਓਥੇ ਵੀ ਕਰ ਚੜਾਈ


ਮੈਂ ਮੇਰੀ ਹੈ ਸਭ ਤੋਂ ਵੱਡੀ
ਮਾਣ ਮੈਨੂੰ ਮੇਰੀ ਅਕਲ਼ ਤੇ
ਹਾਂ ਤਦੇ ਦੁਰਸਾਹਸ ਵੀ ਕਰਦਾਂ
ਖੜਾ ਹੋਂਦ ਨਾਲ਼ ਸਿੰਗ ਫਸਾਈ


ਕੁਦਰਤ ਮੇਰੇ ਘਰ ਦੀ ਬਾਂਦੀ
ਜਿਵੇਂ ਚਾਹਾਂ ਤਿਵੇਂ ਨਚਾਵਾਂ
ਕਦੇ ਅੜੀਆਂ ਵੀ ਕਰ ਜਾਂਦੀ
ਫੇਰ ਕਿਵੇਂ ਨਾ ਜਾਏ ਮਨਾਈ
 

ਕਦੇ ਮੈਂ ਪੀਰ ਪੈਗੰਬਰ ਬਣਿਆਂ
ਧੁਰ ਤੋਂ ਕਈ ਪੈਗ਼ਾਮ ਲਿਆਂਦੇ
ਸਮਾਂ ਪਏ ਸਭ ਵਿਸਰ ਜਾਂਦੇ
ਰੁਲ਼ਦੀ ਖੁਲ਼ਦੀ ਫੇਰ ਲੁਕਾਈ

 

ਵਿੱਚ ਅਸਮਾਨੀਂ ਮੇਰੀਆਂ ਪੈੜਾਂ
ਧਰਤੀ ਤੇ ਮੇਰੀ ਪਰਛਾਈ
ਸੱਤ ਸਮੁੰਦਰ ਛਾਣ ਮੈਂ ਸੁੱਟੇ
ਪਰ ਸਮਝੀ ਨਾ ਗਈ ਖ਼ੁਦਾਈ

1 comment:

  1. ਵਾਹ ! ਬਹੁਤ ਖੂਬ ਮਨਜੀਤ ਜੀ
    ਖੋਜ ਅੰਦਰ ਨੂੰ ਹੋ ਜਾਂਦੀ ਤਾਂ ਖੁਦ ਨੂੰ ਸਮਝ ਖੁਦਾਈ ਵੀ ਸਮਝ ਲੈਂਦਾ ਪਰ ਇਸ ਸਮੁੰਦਰ ਦੀ ਗਹਿਰਾਈ ਮਿਣਦਿਆ ,ਅਸਮਾਨਾਂ ਦੀ ਉਚਾਈ ਨਾਪਦਿਆ ਡੁੱਬ ਜਾਣਾ ਹੈ , ਸਿਰ ਪੜਵਾ ਲੈਣਾ। ਧੰਨਵਾਦ ਇਹ ਸ਼ਬਦ ਸਭ ਨਾਲ਼ ਸਾਂਝੇ ਕਰਨ ਲਈ

    ReplyDelete