Wednesday, December 2, 2009

ਰੰਗ ਕਿਹੜਾ ਹੈ?

ਅਮੀਰਾਂ ਗਰੀਬਾਂ ਦਾ ਰੰਗ ਕਿਹੜਾ ਹੈ?
ਊਚਾਂ ਨੀਚਾਂ
ਦਾ ਰੰਗ ਕਿਹੜਾ ਹੈ?
ਉੱਚੀ ਉੱਚੀ ਕੂਕਦੇ, ਸਿਰ ਖਾਂਦੇ
ਦੁਨੀਆਂ ਨੂੰ ਕੰਮਾਂ ਤੋਂ ਹਟਾਂਦੇ
ਕਰਦੇ ਮਾਰਚ ਧਰਨੇ ਦਿੰਦੇ
ਸ਼ੋਰ ਸ਼ਰਾਬਾਂ ਦੇ ਨਾਲ਼ ਚਲਦੇ
ਇਨਕਲਾਬਾਂ ਦਾ ਰੰਗ ਕਿਹੜਾ ਹੈ?


ਮਜ਼ਹਬੀ ਸਿਆਸੀ ਹਿੱਤਾਂ ਦੇ ਲਈ
ਜਾਂ ਮਨ ਦੀਆਂ ਭੁੱਖਾਂ ਦੇ ਲਈ
ਕੁਝ ਬੰਦੇ ਇੱਕਜੁੱਟ ਹੋ ਸਕਦੇ
ਜਿਸ ਕਿਤੇ ਨਹੀਂ ਨਾਂ ਲਿਖਾਇਆ
ਖੇਤਾਂ ਦੇ ਵਿੱਚ ਰੁਲ਼ਦਾ ਆਇਆ
ਉਸਦੇ ਝੰਡੇ ਦਾ ਰੰਗ ਕਿਹੜਾ ਹੈ?


ਜਿਹੜੀ ਘਰ ਵਿੱਚ ਦਬਾਈ ਜਾਂਦੀ
ਕੰਮ ਵੀ ਕਰਦੀ ਘਰ ਚਲਾਉਂਦੀ
ਸਾਹ ਲੈਣ ਨੂੰ ਵਿਹਲ਼ ਨਾ ਪਾਉਂਦੀ
ਨਿੱਤ ਓਹ ਵਹਿਸ਼ੀ ਮਾਰ ਹੈ ਸਹਿੰਦੀ
ਉਸਦੇ ਮਰੀਅਲ ਪਿੰਡੇ 'ਤੇ ਪੈਂਦੀਆਂ
ਛਮਕਾਂ ਦਾ ਰੰਗ ਕਿਹੜਾ ਹੈ?


ਜਿਹੜਾ ਪੜਨ ਜਾਣ ਦੀ ਉਮਰੇ
ਨੰਗਾ ਭੁੱਖਾ ਤੁਰਿਆ ਫਿਰਦਾ
ਲਾਚਾਰ ਮਾਂ ਦੇ ਢਿੱਡ ਦੀ ਖ਼ਾਤਿਰ
ਬਾਲ਼ ਮਜੂਰੀ ਦੇ ਵਿੱਚ ਲੱਗਾ
ਉਸਦੀਆਂ ਅੱਖਾਂ ਦੇ ਵਿੱਚ ਵੱਸੇ
ਸੁਪਨਿਆਂ ਦਾ ਰੰਗ ਕਿਹੜਾ ਹੈ?



1 comment:

  1. ਦਿਲ ਨੂੰ ਦਿਲ ਮਿਲੇ,ਲਹਿਰ ਨੂੰ ਲਹਿਰ ਮਿਲੇ।
    ਹਰ ਕਲਾਮ ਨੂੰ ਸੁਰ ਤਾਲ ਤੇ ਬਹਿਰ ਮਿਲੇ।

    ਰੋਟੀ ਕੱਪੜੇ ਛੱਤ ਲਈ ਨਾ ਤਰਸੇ ਇਨਸਾਨ,
    ਧੂਣੀ ਵਾਂਗ ਸੁਲਗਦਾ ਨਾ ਕੋਈ ਸ਼ਹਿਰ ਮਿਲੇ।

    ਸੁਬ੍ਹਾ ਤੋਂ ਸ਼ਾਮਾਂ ਤਾਈਂ ਕੰਮਾਂ ਚ ਗਿੜਦੇ ਰਹੀਏ,
    ਸਾਨੂੰ ਚੈਨ ਕਿਸੇ ਪਲ,ਘੜੀ,ਨਾ ਪਹਿਰ ਮਿਲੇ।

    ਅਗਜ਼ਨੀ,ਕੁਕਰਮ,ਦੰਗੇ,ਹਿੰਸਾ,ਕਦੇ ਖੁਦਕਸੀ,
    ਖ਼ਬਰਾਂ ਵਿੱਚ ਨਿੱਤ ਨਵਾਂ ਕੋਈ ਕਹਿਰ ਮਿਲੇ।

    ਇਸ ਤਰ੍ਹਾਂ ਦੇ ਨੇ ਮਿਲਦੇ ਮਹਿਰਮ ਅੱਜਕਲ੍ਹ,
    ਬੁੱਲ੍ਹਾਂ ਤੇ ਮਿਠਾਸ,ਸੀਨੇ ਵਿੱਚੋਂ ਜ਼ਹਿਰ ਮਿਲੇ।

    ਤੁਸਾਂ ਨੇ ਆਪੇ ਹੀ ਬੀਜੀ ਪਰਮਾਣੂ ਦੀ ਫਸਲ,
    ਕਿਸ ਦਰ ਤੋਂ ਤੁਸਾਂ ਨੂੰ ਅਮਨ ਦੀ ਖੈਰ ਮਿਲੇ?

    ਇੱਕ ਲੱਪ ਚਾਨਣ ਦੀ ਦੇ ਦੇਵੋ ਸ਼ਹਿਰ ਤਾਈਂ,
    ਭਿੜ ਜਾਵੇਗਾ,ਚਾਹੇ ਕਿੱਡਾ ਵੀ ਕਹਿਰ ਮਿਲੇ।

    ਨਾਨਕ ਕਿਸ ਲਈ ਕਰਦਾ ਫਿਰੇਂ ਉਦਾਸੀਆਂ,
    ਕਿਉਂ ਯਾਰ ਤੇਰੇ ਕਦਮਾਂ ਨੂੰ ਨਾ ਠਹਿਰ ਮਿਲੇ?

    ਮਨਜੀਤ ਕੋਟੜਾ

    ReplyDelete