ਤੇਰੇ ਮੁਬਾਰਕ ਹੱਥਾਂ ਦੀ ਛੋਹ ਨੂਰੋ ਨੂਰ ਕਰ ਦਿੰਦੀ
ਮੁਰਝਾਏ ਜੀਵਨ ਵਿੱਚ ਇਹ ਮਹਿਕਾਂ ਭਰ ਦਿੰਦੀ
ਵਗਦੀਆਂ ਪੌਣਾਂ ਦੂਰੋਂ ਦੂਰ ਉਡਾ ਲੈ ਜਾਣ ਕਿਤੇ
ਪਰ ਕੋਈ ਬੂੰਦ ਨਿਆਣੀ ਪੱਤੇ ਨੂੰ ਓਥੇ ਧਰ ਦਿੰਦੀ
ਬਲ਼ਦੀ ਰੋਹੀ ਵੀ ਪਾਲਿਆਂ ਨੂੰ ਗਰਮਾਉਂਦੀ ਨਹੀਂ
ਇਹ ਸਾੜ ਮਾਸੂਮ ਜ਼ਿੰਦਾਂ ਦੇ ਪਰ ਘਰ ਦਿੰਦੀ
ਪਿਆਸ ਨਿਮਾਣੀ ਜ਼ਿੰਦ ਦੀ ਕਦੇ ਵੀ ਬੁਝਦੀ ਨਾ
ਭਾਵੇਂ ਭਰ ਚੁੰਝੀ ਕਰ ਖ਼ਾਲੀ ਇਹ ਸਭ ਸਰ ਦਿੰਦੀ
ਵਿੱਚ ਕੋਹਾਂ ਲੰਮੀਆਂ ਰਾਤਾਂ ਦੁੱਖ ਦੁਖਾਉਂਦੀ ਰਹੀ
ਫਿਰ ਇੱਕ ਕਿਰਣ ਆਸਾਂ ਦੀ ਸਭ ਹਰ ਦਿੰਦੀ
ਉੱਜੜੇ ਬਨ੍ਹੇਰਿਆਂ ਉੱਤੇ ਕਾਂ ਵੀ ਬੈਠਣੋ ਝਕਦੇ ਨੇ
ਤੇਰੀ ਖੁਸ਼ਬੂ ਹੀ ਤੇਰੇ ਆਉਣ ਦੀ ਹੈ ਖ਼ਬਰ ਦਿੰਦੀ
ਕਾਗਾ ਬਣ ਬੈਠਾ ਬਾਦਸ਼ਾਹ ਪਾ ਕੇ ਹੰਸੀ ਬਾਣਾ
ਪਰ ਭੁੱਖ ਢਿੱਡ ਦੀ ਕਰ ਇਹ ਰਾਜ਼ ਨਸ਼ਰ ਦਿੰਦੀ
'ਮਹਿਕ' ਦੇ ਹਾਸਿਆਂ ਨਾਲ਼ ਦੁਨੀਆਂ ਵੀਹੱਸਦੀ ਏ
ਏਥੇ ਹੰਝੂ ਕੋਈ ਨਾ ਲੈਂਦਾ ਕਦੇ ਉਹ ਅਗਰ ਦਿੰਦੀ..
Subscribe to:
Post Comments (Atom)
No comments:
Post a Comment