Saturday, December 5, 2009

ਮੌਤ

ਮੌਤ ..... ਸੁਨਣ ਨੂੰ ਮਿਲ ਹੀ ਜਾਂਦਾ ਅਕਸਰ
ਕਿਸੇ ਦੀ ਮੌਤ
ਉਹ ਕੀ ਖੱਟ ਗਿਆ
ਕੀ ਵੱਟ ਗਿਆ?
ਦਰਦ ਹੋਇਆ ਸੀ?
ਕਿ ਚੁੱਪ ਈ ਵੱਟ ਗਿਆ?


ਡਰਦਾ ਸੀ ਮੌਤ ਤੋਂ
ਭੱਜਦਾ ਸੀ ਮੌਤ ਤੋਂ
ਅੰਤ ਦਬੋਚਿਆ ਗਿਆ
ਕਿੰਨੀ ਜ਼ਬਰਦਸਤ ਖ਼ਾਹਿਸ਼ ਸੀ
ਉਸਦੀ ਜੀਣ ਦੀ
ਹੱਸਦਾ ਰਹਿੰਦਾ ਸੀ ਸਦਾ
ਹਾਂ .... ਕਿਸੇ ਦੀ ਕਮਜ਼ੋਰੀ 'ਤੇ
 ਲਾਚਾਰੀ 'ਤੇ

ਕਿਸੇ ਦੀ ਕਮਅਕਲ਼ੀ 'ਤੇ
ਬਦਸ਼ਕਲੀ 'ਤੇ

ਹੋਣੀ ਆਪਣੇ ਰੰਗ ਦਿਖਾ ਦਿੱਤੇ
ਮੰਜੇ'ਚ ਪਿਆ
'ਬਹੁੜੀਂ' ਦੁਹਾਈ ਪਾਉਂਦਾ ਸੀ
ਆ ਜਾਵੇ ਜਲ਼ਦੀ ਮੌਤ
ਇਹੀ ਚਾਹੁੰਦਾ ਸੀ


ਇੰਤਜ਼ਾਰ ਉਸਦਾ ਲੰਬਾ ਸੀ
ਬਹੁਤ ਲੰਬਾ
ਪਰ ਉਹ ਆਈ ਤਾਂ
ਲੈ ਗਈ ਇੱਕ ਛਿਣ ਵਿੱਚ
ਕਿਸੇ ਨੂੰ ਅਲ਼ਵਿਦਾ ਵੀ
ਨਾ ਕਹਿ ਪਾਇਆ


ਲੋਕੀਂ ਕਹਿੰਦੇ -
'ਮੌਤ ਬੜੀ ਦਰਦੀਲੀ ਸੀ
ਲਈ ਜਾਨ ਉਸਨੇ
ਕਰ ਤੀਲ਼ੀ ਤੀਲ਼ੀ ਸੀ'

ਪਰ ਮੌਤ ਦਾ ਤਾਂ ਦਰਦ ਨਹੀਂ ਹੁੰਦਾ
ਹਾਂ ਮੌਤ ਦਾ ਕੇਵਲ ਡਰ ਹੁੰਦਾ
ਦਰਦ ਹੁੰਦਾ ਜਦੋਂ
ਆਤਮਾ ਕੁਰੇਦਦੀ ਅੰਦਰੋਂ

ਕੀਤੀਆਂ ਇੱਕ ਇੱਕ ਕਰਕੇ
ਯਾਦ ਆਉਂਦੀਆਂ
ਭੱਜ ਜਾਣਾ ਚਾਹੁੰਦਾ ਬੰਦਾ
ਮੂੰਹ ਲੁਕਾ ਕੇ ਕਿਤੇ
ਫ਼ਿਰ ਮੌਤ ਤੋਂ ਵੱਡਾ
ਪਰਦਾ ਕਿਹੜਾ ਹੈ?
ਆਉਂਦੀ ਤੇ ਆ ਕੇ 

ਚੁੱਪਚਾਪ
ਬੁੱਕਲ ਵਿੱਚ ਲੁਕਾ ਲੈਂਦੀ
ਦਰਦ ਸੁੱਕ ਜਾਂਦੇ 

ਡਰ ਮੁੱਕ ਜਾਂਦੇ

1 comment: